ਗੁਰਲਾਡ ਸਿੰਘ ਕਾਹਲੋਂ ਵਲੋਂ ਆਈ.ਐਫ.ਐਚ.ਐਫ.ਆਈ. ਦੇ ਮੁਖੀ ਡਾ. ਖ਼ਵਾਜਾ ਅਹਿਮਦ ਨਾਲ ਮੁਲਾਕਾਤ
* ਸਮਾਜ ਵਿਚ ਅਮਨ, ਭਾਈਚਾਰੇ ਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਬਾਰੇ ਹੋਈ ਸਾਰਥਕ ਵਿਚਾਰ ਚਰਚਾ
ਨਵੀਂ ਦਿੱਲੀ,11 ਨਵੰਬਰ(ਜਗਤਾਰ ਸਿੰਘ)- ‘ਗੁਰੂ ਨਾਨਕ ਸੋਸ਼ਲ ਮਿਸ਼ਨ’ ਦੇ ਮੁਖੀ ਗੁਰਲਾਡ ਸਿੰਘ ਕਾਹਲੋਂ (ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ) ਵੱਲੋਂ ‘ਇੰਟਰ ਫੇਥ ਹਾਰਮਨੀ ਫਾਊਂਡੇਸ਼ਨ ਆਫ਼ ਇੰਡੀਆ’ ਦੇ ਪ੍ਰਧਾਨ ਡਾ. ਖ਼ਵਾਜਾ ਇਫ਼ਤਿਖ਼ਾਰ ਅਹਿਮਦ ਨਾਲ ਕਈ ਮਹੱਤਵਪੂਰਨ ਮੁੱਦਿਆਂ ਬਾਰੇ ਮੁਲਾਕਾਤ ਕੀਤੀ ਗਈ।
ਨਵੀਂ ਦਿੱਲੀ,11 ਨਵੰਬਰ(ਜਗਤਾਰ ਸਿੰਘ)- ‘ਗੁਰੂ ਨਾਨਕ ਸੋਸ਼ਲ ਮਿਸ਼ਨ’ ਦੇ ਮੁਖੀ ਗੁਰਲਾਡ ਸਿੰਘ ਕਾਹਲੋਂ (ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ) ਵੱਲੋਂ ‘ਇੰਟਰ ਫੇਥ ਹਾਰਮਨੀ ਫਾਊਂਡੇਸ਼ਨ ਆਫ਼ ਇੰਡੀਆ’ ਦੇ ਪ੍ਰਧਾਨ ਡਾ. ਖ਼ਵਾਜਾ ਇਫ਼ਤਿਖ਼ਾਰ ਅਹਿਮਦ ਨਾਲ ਕਈ ਮਹੱਤਵਪੂਰਨ ਮੁੱਦਿਆਂ ਬਾਰੇ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਸਮਾਜ ਵਿਚ ਅਮਨ, ਭਾਈਚਾਰੇ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਰਗੇ ਮੁੱਦਿਆਂ ਨੂੰ ਲੈ ਕੇ ਸਾਰਥਕ ਅਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ‘ਮਿਲੀ ਗਰੁੱਪ ਆਫ਼ ਇੰਸਟੀਟਿਊਸ਼ਨਜ਼’ ਦੇ ਪ੍ਰਧਾਨ ਸ੍ਰੀ ਤੌਸੀਫ਼ ਅਹਿਮਦ ਵੀ ਨਾਲ ਸਨ। ਸ. ਕਾਹਲੋਂ ਨੇ ਦੱਸਿਆ ਕਿ ਇਸ ਚਰਚਾ ਦੌਰਾਨ ਵੱਖ ਵੱਖ ਧਰਮਾਂ ਦੇ ਲੋਕਾਂ ਵਿਚਕਾਰ ਆਪਸੀ ਸਤਿਕਾਰ ਤੇ ਸਾਂਝਾ ਸੰਵਾਦ ਕਾਇਮ ਕਰਨ ’ਤੇ ਜ਼ੋਰ ਦਿੱਤਾ ਗਿਆ ਤਾਂ ਜੋ ਰਲ-ਮਿਲ ਕੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਦੀ ਧਾਰਮਿਕ ਅਤੇ ਸਭਿਆਚਾਰਕ ਵਿਭਿੰਨਤਾ ਸਾਡੀ ਸਾਂਝੀ ਤਾਕਤ ਹੈ। ਇੱਕ-ਦੂਜੇ ਦੀ ਆਸਥਾ ਦਾ ਸਤਿਕਾਰ ਕਰਦਿਆਂ, ਖੁੱਲ੍ਹੇ ਮਨ ਨਾਲ ਇੱਕ-ਦੂਜੇ ਨੂੰ ਸੁਣਦਿਆਂ ਅਤੇ ਮਨੁੱਖਤਾ ਦੀ ਸੇਵਾ ਲਈ ਇਕੱਠੇ ਹੋ ਕੇ ਅਸੀਂ ਹੋਰ ਸੰਵੇਦਨਸ਼ੀਲ, ਇੱਕਜੁੱਟ ਅਤੇ ਖ਼ੁਸ਼ਹਾਲ ਭਾਰਤ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਰਮਾਂ, ਜਾਤਾਂ ਅਤੇ ਵਰਗਾਂ ਦੇ ਲੋਕਾਂ ਵਿਚਕਾਰ ਨਿਰੰਤਰ ਗੱਲਬਾਤ ਅਤੇ ਵਿਚਾਰ-ਵਟਾਂਦਰਾ ਵਧਾਇਆ ਜਾਣਾ ਚਾਹੀਦਾ ਹੈ, ਤਾਂ ਜੋ ਅਗਰ ਕੋਈ ਗ਼ਲਤਫ਼ਹਿਮੀਆਂ ਹੋਣ ਤਾਂ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਕੂਲਾਂ, ਕਾਲਜਾਂ ਅਤੇ ਸਮਾਜਿਕ ਪੱਧਰ ‘ਤੇ ਅਜਿਹੇ ਪਾਠਕ੍ਰਮ ਤੇ ਪ੍ਰੋਗਰਾਮ ਲਾਗੂ ਕੀਤੇ ਜਾਣੇ ਚਾਹੀਦੇ ਹਨ ਜੋ ਬਚਪਨ ਤੋਂ ਹੀ ਏਕਤਾ, ਸਹਿਣਸ਼ੀਲਤਾ ਅਤੇ ਆਦਰ ਦੀ ਭਾਵਨਾ ਪੈਦਾ ਕਰਨ।ਉਨ੍ਹਾਂ ਕਿਹਾ ਕਿ ਗ਼ਰੀਬੀ, ਬੇਰੁਜ਼ਗਾਰੀ ਅਤੇ ਪੱਖਪਾਤ ਵਿਰੁੱਧ ਕੰਮ ਕਰਨ ਦੀ ਲੋੜ ਹੈ ਤਾਂ ਜੋ ਹਰ ਵਰਗ ਦੇ ਵਿਅਕਤੀ ਨੂੰ ਬਰਾਬਰ ਮੌਕੇ ਮਿਲ ਸਕਣ ਅਤੇ ਕੋਈ ਵੀ ਹਾਸ਼ੀਏ ‘ਤੇ ਮਹਿਸੂਸ ਨਾ ਕਰੇ।