ਬਾਜਰੇ ਦੀ ਖਰੀਦ ਅਚਾਨਕ ਬੰਦ ਕਰਨ ’ਤੇ ਕਿਸਾਨਾਂ ’ਚ ਰੋਹ
ਸਿਰਸਾ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਰਕਾਰ ਵੱਲੋਂ ਬਾਜਰੇ ਦੀ ਖਰੀਦ ਅਚਾਨਕ ਬੰਦ ਕੀਤੇ ਜਾਣ ’ਤੇ ਕਿਸਾਨਾਂ ’ਚ ਭਾਰੀ ਰੋਹ ਪੈਦਾ ਹੋ ਗਿਆ ਹੈ। ਕਿਸਾਨ ਜਥੇੰਬਦੀਆਂ ਨੇ ਬਾਜਰੇ ਦੀ ਖਰੀਦ ਚਾਲੂ ਰੱਖਣ ਦੀ ਮੰਗ ਕੀਤੀ ਹੈ।
ਸਿਰਸਾ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਰਕਾਰ ਵੱਲੋਂ ਬਾਜਰੇ ਦੀ ਖਰੀਦ ਅਚਾਨਕ ਬੰਦ ਕੀਤੇ ਜਾਣ ’ਤੇ ਕਿਸਾਨਾਂ ’ਚ ਭਾਰੀ ਰੋਹ ਪੈਦਾ ਹੋ ਗਿਆ ਹੈ। ਕਿਸਾਨ ਜਥੇੰਬਦੀਆਂ ਨੇ ਬਾਜਰੇ ਦੀ ਖਰੀਦ ਚਾਲੂ ਰੱਖਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ 10 ਨਵੰਬਰ ਨੂੰ ਬਾਜਰੇ ਦੀ ਖਰੀਦ ਨੂੰ ਅਚਾਨਕ ਬੰਦ ਕਰ ਦਿੱਤਾ ਅਤੇ ਈ-ਪ੍ਰੋਕਿਊਰਮੈਂਟ ਪੋਰਟਲ ਤੋਂ ਬਾਜਰੇ ਦੇ ਟੋਕਨ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਕਿਸਾਨਾਂ ’ਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਉਪਜ ਵੇਚਣ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਔਲਖ ਨੇ ਦੱਸਿਆ ਕਿ ਬਾਜਰੇ ਦੀ ਸਰਕਾਰੀ ਖਰੀਦ 15 ਨਵੰਬਰ ਨੂੰ ਖਤਮ ਹੋਣੀ ਸੀ ਪਰ ਸਰਕਾਰ ਨੇ ਬਿਨਾਂ ਕਿਸੇ ਪੂਰਵ ਸੂਚਨਾ ਦੇ 10 ਨਵੰਬਰ ਤੋਂ ਈ-ਪ੍ਰੋਕਿਊਰਮੈਂਟ ਪੋਰਟਲ ’ਤੇ ਟੋਕਨ ਦੀ ਸਹੂਲਤ ਬੰਦ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੁਣ ਬਾਜਰੇ ਦੀ ਵਿਕਰੀ ਲਈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਫਾਰਮ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਕਿਸਾਨਾਂ ਕੋਲ ਅਜੇ ਬਾਜਰਾ ਪਿਆ ਹੈ ਉਹ ਕਿਸਾਨ ਫਾਰਮ ਭਰ ਕੇ ਇਸਨੂੰ ਜਲਦੀ ਤੋਂ ਜਲਦੀ ਆਪਣੇ ਨਜ਼ਦੀਕੀ ਮਾਰਕੀਟ ਕਮੇਟੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਤਾਂ ਜੋ ਖੇਤੀਬਾੜੀ ਵਿਭਾਗ, ਮਾਲ ਵਿਭਾਗ ਅਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਇੱਕ ਕਮੇਟੀ ਫਸਲ ਦੀ ਮਾਤਰਾ ਦੀ ਪੁਸ਼ਟੀ ਕਰਨ ਤੋਂ ਬਾਅਦ ਕਿਸਾਨ ਆਪਣੀ ਜਿਣਸ ਵੇਚ ਸਕਣ। ਉਨ੍ਹਾਂ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਝੋਨੇ ਦੀ ਖਰੀਦ ਵੀ ਬੰਦ ਕਰ ਸਕਦੀ ਹੈ। ਔਲਖ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਮੰਡੀਆਂ ਵਿੱਚ ਝੋਨੇ ਜਾਂ ਬਾਜਰੇ ਦੀ ਖਰੀਦ ਦੌਰਾਨ ਗੈਰ-ਕਾਨੂੰਨੀ ਕਟੌਤੀਆਂ ਜਾਂ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਤੁਰੰਤ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਸ਼ਿਕਾਇਤ ਕਰਨ।