ਜਲੰਧਰ, 3 ਜਨਵਰੀ (ਜਸਪਾਲ ਸਿੰਘ)- ਖੋਜੇਵਾਲਾ ਚਰਚ ਵਿੱਚ ਕ੍ਰੋਸ ਓਵਰ ਨਾਈਟ ਪ੍ਰੇਅਰ ਮੀਟਿੰਗ ਰੱਖੀ ਗਈ ਜਿਸ ਵਿੱਚ ਨਵੇਂ ਸਾਲ 2026 ਦੀ ਸ਼ੁਰੂਆਤ ਪ੍ਰਾਰਥਨਾ ਦੇ ਦੁਆਰਾ ਹੋਈ | ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਦੇ ਦੁਆਰਾ ਕੀਤੀ ਗਈ ਤੇ ਪਾਸਟਰ ਹਰਪ੍ਰੀਤ ਦਿਓਲ ਨੇ ਸੰਗਤਾਂ ਨੂੰ ਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਨਿਹਾਲ ਕੀਤਾ | ਆਪਣੇ ਪ੍ਰਚਾਰ ਵਿਚ ਪਾਸਟਰ ਦਿਓਲ ਨੇ ਆਖਿਆ ਕਿ ਸਾਲ ਤਾਂ ਬਦਲ ਹੀ ਜਾਵੇਗਾ ਪਰ ਮਨੁੱਖ ਨੂੰ ਆਪਣੀਆਂ ਸੋਚਾਂ ਤੇ ਆਪਣੀ ਜ਼ਿੰਦਗੀ ਨਵੇਂ ਸਾਲ ਦੇ ਨਾਲ ਬਦਲਣ ਦੀ ਜ਼ਰੂਰਤ ਹੈ | ਨਵੇਂ ਸਾਲ ਵਿਚ ਇਨਸਾਨ ਨੂੰ ਆਪਣੇ ਅੰਦਰਲੇ ਮਨੁੱਖ ਦੇ ਨਾਲ ਲੜਨਾ ਚਾਹੀਦਾ ਹੈ ਤੇ ਆਪਣੇ ਜੀਵਨ ਦੇ ਅੰਦਰ ਨਵੀਆਂ ਜਿੱਤਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ | ਪਾਸਟਰ ਗੁਰਸ਼ਰਨ ਦਿਓਲ ਨੇ ਵੀ ਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇੱਥੇ ਹੀ ਖਾਸ ਤੌਰ 'ਤੇ ਭਾਰਤ ਦੇਸ਼ ਦੀ ਖੁਸ਼ਹਾਲੀ ਲਈ ਵੀ ਪ੍ਰਾਰਥਨਾ ਕੀਤੀ ਗਈ | ਯੂਥ ਪ੍ਰਧਾਨ ਰਾਜਵਿੰਦਰ ਤੇ ਉਹਨਾਂ ਦੀ ਪੂਰੀ ਟੀਮ ਦੁਆਰਾ ਖਾਸ ਪ੍ਰਬੰਧ ਕੀਤੇ ਗਏ | ਇਸ ਮੌਕੇ ਉਪ-ਚੇਅਰਮੈਨ ਜੈ ਰਾਮ ਨੇ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ | ਇਸ ਮੌਕੇ ਪਾਸਟਰ ਸੰਦੀਪ, ਪ੍ਰਬੰਧਕ ਰਾਜੇਸ਼ ਕੰਬੋਜ, ਕੁਲਵੰਤ, ਮਥੁਰਾ ਦਾਸ, ਸੁੱਚਾ ਮਸੀਹ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਮਾਂਗੀ ਰਾਮ, ਨਰਿੰਦਰ ਠਾਕੁਰ, ਡਾ. ਮਨੋਹਰ ਲਾਲ, ਮਨਜੀਤ ਸਿੰਘ ਆਦਿ ਸ਼ਾਮਿਲ ਸਨ |