ਜਲੰਧਰ, 3 ਜਨਵਰੀ (ਜਸਪਾਲ ਸਿੰਘ)- ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਦੇ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਧਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗਿ੍ਫਤਾਰ ਕਰਨ ਦੀ ਕਾਰਵਾਈ ਨੂੰ ਘੋਰ ਫਾਸਿਸਟ ਕਾਰਵਾਈ ਕਰਾਰ ਦਿੰਦੇ ਹੋਏ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ ਸੂਬੇ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਮਾਧਰੋ ਉੱਪਰ ਨਿਜੀ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਨਿੰਦਣਯੋਗ ਘਟੀਆ ਦੋਸ਼ ਲਾਏ ਹਨ, ਜਦੋਂ ਕਿ ਦੁਨੀਆਂ ਭਰ ਦੇ ਸਾਮਰਾਜ ਵਿਰੋਧੀ ਦੇਸ਼ ਜਾਣਦੇ ਹਨ ਕਿ ਅਮਰੀਕਾ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਆਪਣੇ ਸਾਹਮਣੇ ਸਿਆਸੀ ਤੌਰ 'ਤੇ ਗੋਡੇ ਟੇਕਣ ਲਈ ਮਜਬੂਰ ਕਰਦਾ ਰਿਹਾ ਹੈ, ਜੋ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਕਦਾਚਿਤ ਮਨਜ਼ੂਰ ਨਹੀਂ ਸੀ | ਲਿਬਰੇਸ਼ਨ ਆਗੂ ਨੇ ਕਿਹਾ ਕਿ ਅਮਰੀਕਾ ਸਾਮਰਾਜ ਦੁਨੀਆਂ ਨੂੰ ਤੀਸਰੀ ਸੰਸਾਰ ਜੰਗ ਵੱਲ ਧੱਕ ਰਿਹਾ ਹੈ, ਜਿਸ ਨੀਤੀ ਨੂੰ ਦੁਨੀਆ ਦੇ ਸਾਮਰਾਜ ਵਿਰੋਧੀ ਦੇਸ਼ ਤੇ ਲੋਕ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰਨਗੇ, ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਮਰੀਕਾ ਦੀ ਇਸ ਧੱਕੇਸ਼ਾਹੀ ਦਾ ਸਾਰੇ ਦੇਸ਼ ਵਿੱਚ ਵਿਰੋਧ ਕਰੇਗੀ |