ਜਲੰਧਰ, 23 ਜਨਵਰੀ (ਜਸਪਾਲ ਸਿੰਘ)- ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ 205ਵੀਂ ਸ਼ਾਖਾ ਦਾ ਉਦਘਾਟਨ ਸੁਨਾਮ ਊਧਮ ਸਿੰਘ ਵਾਲਾ ਵਿਖੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ. ਸਰਵਜੀਤ ਸਿੰਘ ਸਮਰਾ ਅਤੇ ਇਲਾਕਾ ਨਿਵਾਸੀਆਂ ਨੂੰ ਸ਼ਾਖਾ ਖੁੱਲ੍ਹਣ 'ਤੇ ਵਧਾਈ ਦਿੱਤੀ | ਇਸ ਮੌਕੇ ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ.ਈ.ਓ. ਸ. ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ ਕੈਪੀਟਲ ਬੈਂਕ ਨੇ ਆਪਣੇ ਬ੍ਰਾਂਚ ਨੈਟਵਰਕ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਯੂ.ਟੀ. ਚੰਡੀਗੜ੍ਹ ਤੇ ਜੰਮੂ ਤੇ ਕਸ਼ਮੀਰ ਵਿੱਚ ਫੈਲੀਆਂ 205 ਸ਼ਾਖਾਵਾਂ ਤੱਕ ਵਧਾ ਦਿੱਤਾ ਹੈ | ਇਸ ਵਿੱਤੀ ਵਰ੍ਹੇ ਦੌਰਾਨ ਬੈਂਕ ਵੱਲੋਂ 8 ਹੋਰ ਸ਼ਾਖਾਵਾਂ ਖੋਲ੍ਹੀਆਂ ਜਾ ਰਹੀਆਂ ਹਨ ਅਤੇ ਅਗਲੇ ਵਿੱਤੀ ਵਰ੍ਹੇ ਦੌਰਾਨ ਬੈਂਕ ਵੱਲੋਂ 25-30 ਨਵੀਆਂ ਬ੍ਰਾਂਚਾਂ ਖੋਲ੍ਹਣ ਦੀ ਵੀ ਯੋਜਨਾ ਹੈ | ਉਨ੍ਹਾਂ ਕਿਹਾ ਕਿ ਸਾਲ 2000 ਵਿੱਚ ਕੈਪੀਟਲ ਲੋਕਲ ਏਰੀਆ ਬੈਂਕ ਵਜੋਂ ਸਥਾਪਿਤ ਅਤੇ 2016 ਵਿੱਚ ਭਾਰਤ ਦਾ ਪਹਿਲਾ ਸਮਾਲ ਫਾਈਨਾਂਸ ਬੈਂਕ ਬਣ ਕੇ, ਕੈਪੀਟਲ ਸਮਾਲ ਫਾਈਨਾਂਸ ਬੈਂਕ ਅੱਜ 74% ਤੋਂ ਵੱਧ ਬ੍ਰਾਂਚਾਂ ਪਿੰਡਾਂ ਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਚਲਾ ਰਿਹਾ ਹੈ ਜੋ ਕਿ ਨਿਰੰਤਰ ਵਿਕਾਸ ਪ੍ਰਤੀ ਬੈਂਕ ਦੀ ਵਚਨਬੱਧਤਾ ਦਰਸਾਉਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਬੈਂਕ ਦਾ ਕੁੱਲ ਕਾਰੋਬਾਰ 17,725/- ਕਰੋੜ ਰੁਪਏ ਤੋਂ ਜ਼ਿਆਦਾ ਹੈ ਤੇ ਬੈਂਕ ਦੇ ਗ੍ਰਾਹਕਾਂ ਦੀ ਗਿਣਤੀ ਵੀ 7,80,00 ਤੋਂ ਵੱਧ ਹੈ | ਬੈਂਕ ਵੱਲੋਂ ਖੋਲ੍ਹੀਆਂ ਜਾ ਰਹੀਆਂ ਨਵੀਆਂ ਬ੍ਰਾਂਚਾਂ ਬੈਂਕ ਨੂੰ ਉਨ੍ਹਾਂ ਉੱਭਰਦੇ ਖੇਤਰਾਂ ਵਿੱਚ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਹੋਰ ਨੇੜੇ, ਸਮਝਦਾਰੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨਯੋਗ ਬਣਾਉਣਗੀਆਂ ਤੇ ਸਥਾਨਕ ਲੋਕਾਂ ਨਾਲ ਹੋਰ ਮਜ਼ਬੂਤ ਰਿਸ਼ਤੇ ਬਣਾਉਣ ਵਿਚ ਮਦਦ ਕਰਨਗੀਆਂ | ਇਸ ਮੌਕੇ ਉਨ੍ਹਾਂ ਨਾਲ ਸ੍ਰੀ ਵਰਿੰਦਰ ਸ਼ੂਰ (ਰੀਜਨਲ ਹੈੱਡ), ਸ੍ਰੀ ਰਜੀਵ ਮਲਹੋਤਰਾ (ਕਲੱਸਟਰ ਹੈੱਡ), ਸ. ਗੁਰਪ੍ਰੀਤ ਸਿੰਘ (ਬ੍ਰਾਂਚ ਹੈੱਡ) ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ |