ਗੁਰਾਇਆ,27ਜਨਵਰੀ (ਬਲਵਿੰਦਰ ਸਿੰਘ)-ਇੱਥੇ ਦਾ ਨੌਜਵਾਨ ਜੋ ਰੂਸ-ਯੁਕਰੇਨ ਯੁੱਧ ਦੌਰਾਨ ਮਾਰਿਆ ਗਿਆ ਸੀ ਦੀ ਲਾਸ਼ 3 ਜਨਵਰੀ ਨੂੰ ਰੂਸ ਤੋਂ ਗੁਰਾਇਆ ਪੁੱਜੀ ਸੀ | ਅੱਜ 24 ਦਿਨਾਂ ਬਾਅਦ ਮਿ੍ਤਕ ਮਨਦੀਪ ਕੁਮਾਰ ਦੀ ਲਾਸ਼ ਦਾ ਸੰਸਕਾਰ ਇੱਥੇ ਕਰ ਦਿੱਤਾ ਗਿਆ ਹੈ | ਵਰਨਣਯੋਗ ਹੈ ਕਿ ਮਨਦੀਪ ਕੁਮਾਰ ਦੀ ਤਲਾਸ਼ ਉਸ ਦਾ ਭਰਾ ਜਗਦੀਪ ਕੁਮਾਰ ਪਿਛਲੇ ਡੇਢ ਸਾਲ ਤੋਂ ਕਰ ਰਿਹਾ ਸੀ, ਮਨਦੀਪ ਨਵੰਬਰ 2025 ਵਿਚ ਰੂਸ ਦੇ ਯੁੱਧ ਮੋਰਚੇ 'ਤੇ ਡਰੋਨ ਹਮਲੇ ਦੌਰਾਨ ਮਾਰਿਆ ਗਿਆ ਸੀ | ਮਨਦੀਪ ਕੁਮਾਰ ਇਕ ਪੈਰ ਤੋਂ ਅਪਾਹਜ ਵੀ ਸੀ | ਉਸ ਦਾ ਭਰਾ ਜਗਦੀਪ ਉਸ ਦੀ ਖੋਜ ਵਿਚ ਲੱਗਾ ਰਿਹਾ | ਭਰਾ ਜਗਦੀਪ ਦੀ ਹਿੰਮਤ ਤੇ ਅਡੋਲ ਕੋਸ਼ਿਸ਼ਾਂ ਅਖ਼ੀਰਕਾਰ ਮਨਦੀਪ ਦੇ ਟਿਕਾਣੇ ਅਤੇ ਹਕੀਕਤ ਤੱਕ ਪਹੁੰਚਣ ਵਿਚ ਕਾਮਯਾਬ ਹੋਇਆ | ਜਗਦੀਪ ਨੇ ਦੱਸਿਆ ਕਿ ਮਨਦੀਪ ਕੁਮਾਰ ਦੀ ਲਾਸ਼ ਭਾਰਤੀ ਦੂਤਾਵਾਸ ਦੀ ਮਦਦ ਨਾਲ ਭਾਰਤ ਲਿਆਈ ਗਈ ਸੀ | ਅੱਜ ਸੰਸਕਾਰ ਵੇਲੇ ਪਿ੍ੰਸੀਪਲ ਪ੍ਰੇਮ ਕੁਮਾਰ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਫਿਲੌਰ, ਹਰਮੇਸ਼ ਲਾਲ ਚੌਹਾਨ ਪ੍ਰਧਾਨ ਨਗਰ ਕੌਂਸਲ ,ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ.ਐੱਚ.ਓ., ਸੰਜੇ ਅਟਵਾਲ, ਸੁਦੇਸ਼ ਕੁਮਾਰ ਬਿੱਲਾ, ਸੰਜੀਵ ਹੀਰ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ |