ਆਦਮਪੁਰ, 30 ਜਨਵਰੀ (ਹਰਪ੍ਰੀਤ ਸਿੰਘ)- ਬੀਤੇ ਦਿਨੀਂ ਮੁਹੱਲਾ ਜਵਾਹਰ ਨਗਰ ਆਦਮਪੁਰ ਵਿਖੇ ਗੌਰੀ ਗੁਪਤਾ ਨਾਮਕ ਔਰਤ ਨੇ ਆਪਣੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ | ਇਸ ਮਾਮਲੇ ਸੰਬੰਧੀ ਥਾਣਾ ਆਦਮਪੁਰ ਪੁਲਿਸ ਵਲੋਂ ਮਿ੍ਤਕ ਗੋਰੀ ਦੇ ਪਿਤਾ ਦੇ ਬਿਆਨਾਂ ਉੱਤੇ ਉਸ ਦੇ ਪਤੀ ਅਰਜਨ ਗੁਪਤਾ, ਸਹੁਰਾ ਮੋਹਣ ਲਾਲ ਗੁਪਤਾ 'ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਭੇਜਿਆ ਗਿਆ ਸੀ | ਪੋਸਟਮਾਰਟਮ ਕਰਾ ਕੇ ਸ਼ਾਮ ਕਰੀਬ 4 ਵਜੇ ਲੜਕੀ ਦੇ ਪਿਤਾ ਮਨੋਜ ਗੁਪਤਾ ਪੁੱਤਰ ਸਵਰਗਵਾਸੀ ਰਾਮ ਲਾਲ ਗੁਪਤਾ ਵਾਸੀ ਯੂ.ਪੀ. ਬਲੀਆ ਨੂੰ ਲਾਸ਼ ਸੌਂਪ ਦਿੱਤੀ ਗਈ | ਜਦੋਂ ਲੜਕੀ ਦਾ ਪਰਿਵਾਰ ਲੜਕੀ ਦੀ ਲਾਸ਼ ਉਸ ਦੇ ਸਹੁਰਾ ਪਰਿਵਾਰ ਦੇ ਘਰ ਲੈ ਕੇ ਗਿਆ ਤਾਂ ਸਹੁਰਾ ਪਰਿਵਾਰ ਘਰ ਨੂੰ ਜਿੰਦਾ ਲਗਾ ਫ਼ਰਾਰ ਹੋ ਗਿਆ ਜਿਸ 'ਤੇ ਲੜਕੀ ਦੇ ਪਿਤਾ ਮਨੋਜ ਕੁਮਾਰ ਗੁਪਤਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮੇਰੀ ਲੜਕੀ ਦਾ ਕਾਤਲ ਉਸ ਦਾ ਸਹੁਰਾ ਪਰਿਵਾਰ ਤੇ ਉਸ ਦਾ ਪਤੀ ਅਰਜੁਨ ਗੁਪਤਾ ਹੀ ਹੈ | ਆਦਮਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਨੂੰ ਪਹਿਲੇ ਦਿਨ ਹੀ ਗਿ੍ਫ਼ਤਾਰ ਕਰ ਹਵਾਲਾਤ ਭੇਜ ਦਿੱਤਾ ਗਿਆ ਹੈ | ਲੜਕੀ ਦੇ ਪਿਤਾ ਲੜਕੀ ਦਾ ਅੰਤਿਮ ਸੰਸਕਾਰ ਕਰਨ ਲਈ ਲੜਕੀ ਦੀ ਲਾਸ਼ ਲੈ ਕੇ ਉਸ ਦੇ ਸਹੁਰੇ ਘਰ ਗਏ ਸਨ ਪਰ ਸਹੁਰਾ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਿਆ ਜਿਸ ਉਪਰੰਤ ਲੜਕੀ ਦੇ ਪਰਿਵਾਰ ਵਲੋਂ ਪਿੱਟ ਸਿਆਪਾ ਕੀਤਾ ਗਿਆ | ਐਸ. ਐਚ. ਓ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਚਾਰ ਪਰਿਵਾਰਕ ਮੈਂਬਰਾਂ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ, ਪੁਲਿਸ ਉਨ੍ਹਾਂ ਦੀ ਭਾਲ ਵਿਚ ਜੁਟੀ ਹੋਈ ਹੈ |