ਜਲੰਧਰ, 3 ਫਰਵਰੀ (ਚੰਦੀਪ ਭੱਲਾ)-ਸੀ.ਜੇ.ਐਮ ਸੁਸ਼ੀਲ ਬੋਧ ਦੀ ਅਦਾਲਤ ਨੇ ਅਸਲਾ ਐਕਟ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਅਤੇ ਇੱਕ ਹੋਰ ਵਿਅਕਤੀ ਹਰਮਨਪ੍ਰੀਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਮਿਤੀ 26 ਜੂਨ 2018 ਨੂੰ ਥਾਣਾ ਰਾਮਾ ਮੰਡੀ ਵਿਖੇ ਧਾਰਾ 336,201,188 ਅਤੇ 27,27 ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੀਤਲ ਅੰਗੁਰਾਲ ਦੇ ਵਕੀਲ ਪੰਕਜ ਸ਼ਰਮਾ ਨੇ ਦੱਸਿਆ ਕਿ ਸ਼ੀਤਲ ਅੰਗੁਰਾਲ ਅਤੇ ਉਨ੍ਹਾਂ ਦੇ ਸਾਥੀ ਹਰਮਨਪ੍ਰੀਤ ਖ਼ਿਲਾਫ਼ ਦੋਸ਼ ਲੱਗਾ ਸੀ ਕਿ ਇਹ ਜਲੰਧਰ ਫਗਵਾੜਾ ਹਾਈਵੇ ਦੇ ਇੱਕ ਰਿਜ਼ੋਰਟ 'ਚ ਵਿਆਹ ਸਮਾਗਮ 'ਚ ਭਾਗ ਲੈ ਰਹੇ ਸਨ ਤੇ ਪੁਲਿਸ ਆ ਗਈ ਤੇ ਪੁਲਿਸ ਨੇ ਕਿਹਾ ਕਿ ਇੱਥੇ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ ਇਨ੍ਹੇ ਨੂੰ ਸ਼ੀਤਲ ਅੰਗੁਰਾਲ ਕੋਲੋਂ ਰਿਵਾਲਵਰ ਜ਼ਮੀਨ 'ਤੇ ਡਿੱਗ ਪਿਆ ਜਿਸ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ ਤੇ ਸ਼ੀਤਲ ਅੰਗੁਰਾਲ ਨੇ ਇਹ ਰਿਵਾਲਵਰ ਚੁੱਕ ਕੇ ਆਪਣੇ ਸਾਥੀ ਨੂੰ ਲੁਕਾਉਣ ਲਈ ਦੇ ਦਿੱਤੀ ਜਿਸ ਤੋਂ ਬਾਅਦ ਸ਼ੀਤਲ ਅੰਗੁਰਾਲ ਅਤੇ ਹਰਮਨਪ੍ਰੀਤ ਸਿੰਘ ਖ਼ਿਲਾਫ਼ ਰਿਜ਼ੋਰਟ ਦੇ ਮੈਨੇਜਰ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ | ਸ਼ੀਤਲ ਅੰਗੁਰਾਲ ਦੇ ਵਕੀਲ ਪੰਕਜ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਇਸ ਦੌਰਾਨ ਗੋਲੀ ਚੱਲਣ ਸਬੰਧੀ ਕੋਈ ਵੀ ਸਬੂਤ ਨਹੀਂ ਮਿਲਿਆ ਤੇ ਪੁਲਿਸ ਜਾਂਚ 'ਚ ਵੀ ਇਹ ਸਾਬਤ ਨਹੀਂ ਹੋਇਆ ਕਿ ਗੋਲੀ ਚੱਲੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਮਲਾ ਸਿਰਫ਼ ਰਾਜਸੀ ਰੰਜਿਸ਼ ਤਹਿਤ ਦਰਜ ਕੀਤਾ ਗਿਆ ਸੀ | ਅਦਾਲਤ ਨੇ ਵਕੀਲ ਪੰਕਜ ਸ਼ਰਮਾ ਦੀ ਬਹਿਸ ਸੁਣੇ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |