18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਿੱਤ ਲੱਗਣ ਵਾਲੇ ਜਾਮ ਨੇ ਮੱਧਮ ਕੀਤੀ 'ਜ਼ਿੰਦਗੀ' ਦੀ ਰਫ਼ਤਾਰ

Ad Position 21
No active advertisement
ਅਜੀਤ ਡੈਸਕ 05-02-2026
ਜਲੰਧਰ, 4 ਫਰਵਰੀ (ਜਸਪਾਲ ਸਿੰਘ)- ਸ਼ਹਿਰ 'ਚ ਟਰੈਫਿਕ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਤੇ ਤਕਰੀਬਨ ਸ਼ਹਿਰ ਦੇ ਹਰ ਚੌਕ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ-ਸਾਰਾ ਦਿਨ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਨਿੱਤ ਲੱਗਣ ਵਾਲੇ ਜਾਮ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਹੀ ਮੱਧਮ ਕਰਕੇ ਨਹੀਂ ਰੱਖਿਆ ਬਲਕਿ ਇਹ ਜਾਮ ਲੋਕਾਂ ਲਈ ਮੁਸੀਬਤ ਬਣਦੇ ਜਾ ਰਹੇ ਹਨ | ਖਾਸ ਕਰਕੇ ਬਜ਼ੁਰਗਾਂ, ਬਿਮਾਰਾਂ ਤੇ ਬੱਚਿਆਂ ਨੂੰ ਇਸ ਸਮੱਸਿਆ ਦਾ ਸਭ ਤੋਂ ਵਧ ਸ਼ਿਕਾਰ ਹੋਣਾ ਪੈਂਦਾ ਹੈ | ਕਈ ਵਾਰ ਤਾਂ ਐਂਬੂਲੈਂਸ ਤੱਕ ਨੂੰ ਵੀ ਰਾਹ ਨਹੀਂ ਮਿਲਦਾ ਤੇ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ | ਸਕੂਲੀ ਬੱਸਾਂ ਦੇ ਜਾਮ 'ਚ ਫਸਣ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਸਤਾਉਣ ਲੱਗਦੀ ਹੈ ਤੇ ਜਦੋਂ ਤੱਕ ਬੱਚੇ ਘਰ ਨਹੀਂ ਪਹੁੰਚ ਜਾਂਦੇ ਉਨ੍ਹਾਂ ਦੇ ਸਾਹ ਸੁੱਕੇ ਰਹਿੰਦੇ ਹਨ | ਇਸੇ ਤਰ੍ਹਾਂ ਬਜ਼ੁਰਗਾਂ ਨੂੰ ਵੀ ਜਾਮ 'ਚ ਫਸਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਵੇਰੇ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਜਿੱਥੇ ਆਪਣੀ ਮੰਜਿਲ 'ਤੇ ਪਹੁੰਚਣ 'ਚ ਦੇਰੀ ਹੁੰਦੀ ਹੈ ਉੱਥੇ ਕਈ ਇੰਟਰਵਿਊ ਦੇਣ ਜਾ ਰਹੇ ਨੌਜਵਾਨ ਮੁੰਡੇ-ਕੁੜੀਆਂ ਵੀ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ | ਹੋਰ ਤਾਂ ਹੋਰ ਵਿਦਿਆਰਥੀਆਂ ਲਈ ਵੀ ਸਕੂਲ-ਕਾਲਜ ਸਮੇਂ ਸਿਰ ਪਹੁੰਚਣਾ ਇਕ 'ਜੰਗ' ਜਿੱਤਣ ਵਾਂਗ ਹੁੰਦਾ ਹੈ | ਅਜਿਹਾ ਹਾਲ ਸ਼ਹਿਰ ਦੇ ਕੇਵਲ ਇਕ-ਅੱਧ ਚੌਕ ਦਾ ਨਹੀਂ ਹੈ ਬਲਕਿ ਸ਼ਹਿਰ ਦੇ ਸਾਰੇ ਪ੍ਰਮੁੱਖ ਚੌਕਾਂ 'ਚ ਲੰਬੇ-ਲੰਬੇ ਜਾਮ ਅਕਸਰ ਦੇਖੇ ਜਾ ਸਕਦੇ ਹਨ | ਖਾਸ ਕਰਕੇ ਪੀ. ਏ. ਪੀ. ਚੌਕ, ਬੀ. ਐਸ. ਐਫ. ਚੌਕ, ਨਕੋਦਰ ਚੌਕ, ਰਾਮਾ ਮੰਡੀ ਚੌਕ ਤੇ ਪਠਾਨਕੋਟ ਬਾਈਪਾਸ ਚੌਕ 'ਚ ਤਾਂ ਵਾਹਨਾਂ ਦੀਆਂ ਦੂਰ-ਦੂਰ ਤੱਕ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ | ਪੀ. ਏ. ਪੀ. ਚੌਕ ਜੋ ਕਿ ਸ਼ਹਿਰ ਦਾ ਪ੍ਰਮੁੱਖ ਐਂਟਰੀ ਪੁਆਇੰਟ ਵੀ ਹੈ ਉੱਥੇ ਅਕਸਰ ਜਾਮ ਲੱਗਾ ਰਹਿੰਦਾ ਹੈ | ਪਹਿਲਾਂ ਤਾਂ ਕੇਵਲ ਪੁਲ ਦੇ ਹੇਠਾਂ ਸ਼ਹਿਰ ਤੋਂ ਬਾਹਰ ਜਾਣ ਵਾਲੇ ਪਾਸੇ ਹੀ ਜਾਮ ਲੱਗਾ ਰਹਿੰਦਾ ਸੀ ਪਰ ਹੁਣ ਜਦੋਂ ਦੀਆਂ ਟਰੈਫਿਕ ਪੁਲਿਸ ਵਲੋਂ ਰਾਮਾ ਮੰਡੀ ਤੋਂ ਸ਼ਹਿਰ 'ਚ ਦਾਖਲ ਹੋਣ ਵਾਲੇ ਟਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ, ਉਸ ਨਾਲ ਟਰੈਫਿਕ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਵੀ ਗੰਭੀਰ ਹੋ ਗਈ ਹੈ | ਪਹਿਲਾਂ ਤਾਂ ਲੋਕ ਬਿਨਾਂ ਲਾਈਟਾਂ ਦੇ ਸਿੱਧੇ ਸ਼ਹਿਰ 'ਚ ਆਰਾਮ ਨਾਲ ਦਾਖਲ ਹੋ ਜਾਂਦੇ ਸਨ ਤੇ ਘੱਟ ਹੀ ਟਰੈਫਿਕ ਦੀ ਸਮੱਸਿਆ ਆਉਂਦੀ ਸੀ ਪਰ ਹੁਣ ਲਾਈਟਾਂ ਲੱਗਣ ਨਾਲ ਇੱਥੇ ਨਿੱਤ ਟਰੈਫਿਕ ਜਾਮ ਲੱਗਾ ਰਹਿੰਦਾ ਹੈ | ਪੀ. ਏ. ਪੀ. ਤੋਂ ਅੱਗੇ ਬੀ. ਐਸ. ਐਫ. ਚੌਕ ਤੱਕ ਵੀ ਇਹ ਲੰਬਾ ਜਾਮ ਇਸੇ ਤਰ੍ਹਾਂ ਲੱਗਾ ਰਹਿੰਦਾ ਹੈ | ਇਸੇ ਤਰ੍ਹਾਂ ਨਕੋਦਰ ਤੋਂ ਸ਼ਹਿਰ ਦਾਖਲ ਹੋਣ ਲਈ ਵਾਹਨਾਂ ਨੂੰ ਨਕੋਦਰ ਚੌਕ ਤੋਂ ਲੰਘਣਾ ਪੈਂਦਾ ਹੈ ਪਰ ਇਸ ਚੌਕ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ ਤੇ ਲਾਈਟਾਂ ਲੱਗਣ ਦੇ ਬਾਵਜੂਦ ਟਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਖਾਸ ਕਰਕੇ ਅਵਤਾਰ ਨਗਰ ਤੋਂ ਆਉਣ ਵਾਲੇ ਟਰੈਫਿਕ ਲਈ ਤਾਂ ਮੁੱਖ ਮਾਰਗ 'ਤੇ ਚੜ੍ਹਨਾ ਬੇਹੱਦ ਮੁਸ਼ਕਿਲ ਹੁੰਦਾ ਹੈ | ਹਾਲਾਂਕਿ ਨਕੋਦਰ ਚੌਕ 'ਚ ਪੁਲਿਸ ਵਲੋਂ ਟਰੈਫਿਕ ਲਾਈਟਾਂ ਦੇ ਨਾਲ-ਨਾਲ ਈ-ਚਲਾਨ ਕੱਟਣ ਲਈ ਕੈਮਰੇ ਵੀ ਲਗਾਏ ਹਨ ਪਰ ਇਸ ਦੇ ਬਾਵਜੂਦ ਟਰੈਫਿਕ ਜਾਮ ਦੀ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚਾਲਾਨ ਕੱਟਣ ਲਈ ਕੈਮਰੇ ਤਾਂ ਲਗਾ ਦਿੱਤੇ ਗਏ ਹਨ ਪਰ ਟਰੈਫਿਕ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਾਮੂਲੀ ਜਿਹੀ ਟਰੈਫਿਕ ਦੀ ਉਲੰਘਣਾ 'ਤੇ ਉਨ੍ਹਾਂ ਦਾ ਭਾਰੀ ਭੜਕਮ ਚਾਲਾਨ ਤਾਂ ਕੱਟ ਦਿੱਤਾ ਜਾਂਦਾ ਹੈ ਪਰ ਜਿਨ੍ਹਾਂ ਲੋਕਾਂ ਨੂੰ ਲੰਬਾ ਸਮਾਂ ਜਾਮ 'ਚ ਫਸਣਾ ਪੈਂਦਾ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ | ਇਸੇ ਤਰ੍ਹਾਂ ਸ਼ਹਿਰ ਦੇ ਅੰਦਰੂਰਨੀ ਬੀ. ਐਮ. ਸੀ. ਚੌਕ, ਫੁੱਟਬਾਲ ਚੌਕ ਤੇ ਕਪੂਰਥਲਾ ਚੌਕ 'ਚ ਵੀ ਅਕਸਰ ਟਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਪਰ ਸਭ ਤੋਂ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਲੋਕਾਂ ਨੂੰ ਸ਼ਹਿਰ ਦੇ ਬਾਹਰਵਾਰ ਸਥਿਤ ਪਠਾਨਕੋਟ ਬਾਈਪਾਸ 'ਤੇ ਕਰਨਾ ਪੈਂਦਾ ਹੈ ਜਿੱਥੇ ਹਮੇਸ਼ਾ ਹੀ ਲੋਕਾਂ ਨੂੰ ਟਰੈਫਿਕ ਜਾਮ ਨਾਲ ਜੂਝਣਾ ਪੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵਰਕ ਆਰਡਰ ਹੋਣ ਦੇ ਬਾਵਜੂਦ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਤੋਂ ਸੀਨੀਅਰ ਡਿਪਟੀ ਮੇਅਰ ਨਾਰਾਜ਼ ਅਗਲੀ ਖ਼ਬਰ ਕਾਰੋਬਾਰੀ ਕੋਲੋਂ 5 ਕਰੋੜ ਦੀ ਫਿਰੌਤੀ ਮੰਗਣ ਵਾਲੇ ਗਰੋਹ ਦੇ ਦੋ ਮੈਂਬਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ <br/>
Ad Position 24