18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਰਕ ਆਰਡਰ ਹੋਣ ਦੇ ਬਾਵਜੂਦ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਤੋਂ ਸੀਨੀਅਰ ਡਿਪਟੀ ਮੇਅਰ ਨਾਰਾਜ਼

Ad Position 21
No active advertisement
ਅਜੀਤ ਡੈਸਕ 05-02-2026

ਸ਼ਿਵ ਸ਼ਰਮਾ
ਜਲੰਧਰ, 4 ਫਰਵਰੀ- ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਕਰ ਕੇ ਜਿੱਥੇ ਮੇਅਰ ਵਨੀਤ ਧੀਰ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੀਆਂ ਕਈ ਬਾਰ ਹਦਾਇਤਾਂ ਦੇ ਚੁੱਕੇ ਹਨ, ਇਸ ਦੇ ਬਾਵਜੂਦ ਵਰਕ ਆਰਡਰ ਹੋਣ ਦੇ 'ਤੇ ਕਈ ਠੇਕੇਦਾਰਾਂ ਵਲੋਂ ਕੰਮ ਸ਼ੁਰੂ ਨਾ ਕਰਨ ਕਰ ਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਕਾਫ਼ੀ ਨਾਰਾਜ਼ ਹਨ ਤੇ ਉਨ੍ਹਾਂ ਨੇ ਇਸ ਮਾਮਲੇ 'ਚ ਨਾ ਸਿਰਫ਼ ਰਿਕਾਰਡ ਤਲਬ ਕੀਤਾ ਹੈ ਸਗੋਂ ਉਨ੍ਹਾਂ ਨੇ ਆਪਣੇ ਵਾਰਡ ਨੰਬਰ 10 'ਚ ਵੀ ਵਿਕਾਸ ਦੇ ਕੰਮ ਦੇ ਵਰਕ ਆਰਡਰ ਹੋਣ ਦੇ ਬਾਵਜੂਦ ਕੰਮ ਨਾ ਕਰਨ ਕਰਕੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਗਈ ਹੈ | ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਕਈ ਠੇਕੇਦਾਰਾਂ ਨੇ ਇੱਕ ਤੋਂ ਜ਼ਿਆਦਾ ਕੰਮ ਲਏ ਹਨ ਪਰ ਉਨ੍ਹਾਂ ਕੋਲ ਕੰਮ ਕਰਵਾਉਣ ਲਈ ਲੇਬਰ ਨਹੀਂ ਹੈ ਜਿਸ ਕਰਕੇ ਉਹ ਕੰਮਾਂ ਨੂੰ ਸ਼ੁਰੂ ਨਹੀਂ ਕਰ ਰਹੇ ਹਨ | ਇਸ ਬਾਰੇ ਰਿਪੋਰਟ ਤਲਬ ਕੀਤੀ ਗਈ ਹੈ ਕਿ ਕਿਸ ਠੇਕੇਦਾਰ ਨੂੰ ਵਿਕਾਸ ਦੇ ਕੰਮਾਂ ਦੀ ਕਦੋਂ ਵਰਕ ਆਰਡਰ ਜਾਰੀ ਹੋਇਆ ਸੀ ਤਾਂ ਕਿਸ ਠੇਕੇਦਾਰਾਂ ਵਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ | ਜਿਨ੍ਹਾਂ ਠੇਕੇਦਾਰਾਂ ਵਲੋਂ ਅਜੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ | ਉਨ੍ਹਾਂ ਬਾਰੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਰਿਪੋਰਟ ਲਿਆ ਕੇ ਉਨ੍ਹਾਂ ਦੇ ਅਲਾਟ ਕੰਮਾਂ ਨੂੰ ਰੱਦ ਕਰ ਕੇ ਉਸ ਤੋਂ ਘੱਟ ਰੇਟ 'ਤੇ ਕੰਮ ਪਾਉਣ ਵਾਲੇ ਠੇਕੇਦਾਰ ਨੂੰ ਕੰਮ ਦਿੱਤਾ ਜਾ ਸਕਦਾ ਹੈ ਜਾਂ ਫਿਰ ਇਨ੍ਹਾਂ ਦੇ ਦੁਬਾਰਾ ਟੈਂਡਰ ਲਗਾਏ ਜਾਣਗੇ | ਸ. ਬਿੱਟੂ ਦਾ ਕਹਿਣਾ ਸੀ ਕਿ ਟੈਂਡਰਾਂ ਦੀਆਂ ਸ਼ਰਤਾਂ 'ਚ ਸਪਸ਼ਟ ਦਰਜ ਹੈ ਕਿ ਜੇਕਰ ਜੇਕਰ ਠੇਕੇਦਾਰ ਤੈਅ ਸਮੇਂ ਵਿਚ ਕੰਮ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ | ਸੀਨੀਅਰ ਡਿਪਟੀ ਮੇਅਰ ਨੇ ਇਸ ਤਰ੍ਹਾਂ ਦੇ ਕੰਮ ਦਾ ਵੀ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵਾਰਡ ਨੰਬਰ 10 ਵਿਚ ਠੇਕੇਦਾਰ ਨੂੰ ਇੰਟਰਲਾਕਿੰਗ ਟਾਈਲਾਂ ਦਾ ਕੰਮ ਅਲਾਟ ਕੀਤਾ ਗਿਆ ਸੀ | ਇਸ ਕੰਮ ਦੇ ਉਦਘਾਟਨ ਹੋਏ ਨੂੰ ਹੀ 5 ਮਹੀਨੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਲੇਬਰ ਨਾ ਹੋਣ ਕਰਕੇ ਕੰਮ ਨਹੀਂ ਸ਼ੁਰੂ ਕਰਵਾਏ ਜਾ ਰਹੇ ਹਨ | ਉਹ ਠੇਕੇਦਾਰ ਦੇ ਖ਼ਿਲਾਫ਼ ਵਿੱਤ ਤੇ ਠੇਕਾ ਕਮੇਟੀ 'ਚ ਮਤਾ ਲਿਆ ਕੇ ਅਲਾਟ ਕੰਮ ਰੱਦ ਕਰਵਾਉਣ ਜਾ ਰਹੇ ਹਨ ਸਗੋਂ ਕੰਪਨੀ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ | ਸ. ਬਿੱਟੂ ਨੇ ਕਿਹਾ ਕਿ ਜੇਕਰ ਠੇਕੇਦਾਰ ਸਮੇਂ ਸਿਰ ਕੰਮ ਸ਼ੁਰੂ ਨਹੀਂ ਕਰਦੇ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਕੰਮ ਕਿਉਂ ਲੈ ਰਹੇ ਹਨ |
ਸੀਨੀਅਰ ਡਿਪਟੀ ਮੇਅਰ ਵਲੋਂ ਕੰਪਨੀ ਬਾਗ਼ ਦਾ ਦੌਰਾ
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅੱਜ ਕੰਪਨੀ ਬਾਗ਼ ਦਾ ਦੌਰਾ ਕਰਕੇ ਹੋ ਰਹੇ ਰੱਖ-ਰਖਾਅ ਦੇ ਕੰਮ ਤੋਂ ਭਾਰੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਉਨ੍ਹਾਂ ਨੇ ਮੌਕੇ 'ਤੇ ਕੰਪਨੀ ਬਾਗ਼ ਵਿਖੇ ਹੋ ਰਹੇ ਰੰਗ ਰੋਗਨ ਤੇ ਹੋਰ ਕੰਮਾਂ ਵਿਚ ਕਾਫੀ ਕਮੀਆਂ ਬਾਰੇ ਕਿਹਾ ਕਿ ਨਾ ਤਾਂ ਰੰਗ ਰੋਗਨ ਹੋ ਰਿਹਾ ਨਾ ਤਾਂ ਮੁਰੰਮਤ ਕੀਤੀ ਜਾ ਰਹੀ ਹੈ | ਵਧੀਆ ਰੰਗ ਦੀ ਜਗ੍ਹਾ ਸਿਰਫ਼ ਚੂਨਾ ਮਾਰਿਆ ਜਾ ਰਿਹਾ ਹੈ | ਦਰਖਤਾਂ ਉੱਤੇ ਵੀ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਨਾ ਹੀ ਉੱਥੇ ਸਾਫ਼ ਸਫ਼ਾਈ ਹੋ ਰਹੀ ਹੈ | ਫੁਆਰਿਆਂ ਵਾਲੀ ਜਗ੍ਹਾ ਦੀ ਵੀ ਸਫ਼ਾਈ ਨਹੀਂ ਹੈ | ਵੱਡਾ ਫੁਆਰਾ ਨਹੀਂ ਚੱਲ ਸਕਿਆ ਜਦਕਿ ਦੋ ਛੋਟੇ ਫੁਆਰੇ ਚਲਾਏ ਜਾ ਸਕੇ ਸੀ | ਬਲਬੀਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਕੰਪਨੀ ਬਾਗ਼ ਵਿਚ ਜਿਸ ਤਰਾਂ ਨਾਲ ਰੱਖ-ਰਖਾਅ ਹੋਣਾ ਚਾਹੀਦਾ ਹੈ, ਉਸ ਮੁਤਾਬਿਕ ਕੰਮ ਠੀਕ ਨਹੀਂ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਨਿਗਮ ਵਲੋਂ ਸਾਲਾਨਾ ਰੱਖ-ਰਖਾਅ ਦੀ 48 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ ਤਾਂ ਫਿਰ ਸਹੀ ਸੰਭਾਲ ਹੋਣੀ ਚਾਹੀਦੀ ਹੈ | ਸ. ਬਿੱਟੂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਉਹ ਨਿਗਮ ਕਮਿਸ਼ਨਰ ਤੋਂ ਇੱਕ ਹਫ਼ਤੇ ਬਾਅਦ ਰਿਪੋਰਟ ਮੰਗਣਗੇ ਤਾਂ ਐਸ. ਡੀ. ਓ. ਅਤੇ ਜੇ. ਈ. ਵਲੋਂ ਦਿੱਤੀ ਜਾਣ ਵਾਲੀ ਰਿਪੋਰਟ 'ਤੇ ਵੀ ਨਜ਼ਰਾਂ ਰਹਿਣਗੀਆਂ | ਚੇਤੇ ਰਹੇ ਕਿ ਬਲਬੀਰ ਸਿੰਘ ਬਿੱਟੂ ਨੇ ਕੁੱਝ ਸਮਾਂ ਪਹਿਲਾਂ ਵੀ ਕੰਪਨੀ ਬਾਗ਼ ਵਿਚ ਰੱਖ-ਰਖਾਅ ਦੇ ਕੰਮ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤਾਂ ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਨੂੰ ਅਦਾਇਗੀ ਕਰਨ 'ਤੇ ਰੋਕ ਲਗਾਉਣ ਲਈ ਕਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਨਿੱਤ ਲੱਗਣ ਵਾਲੇ ਜਾਮ ਨੇ ਮੱਧਮ ਕੀਤੀ 'ਜ਼ਿੰਦਗੀ' ਦੀ ਰਫ਼ਤਾਰ
Ad Position 24