ਜਲੰਧਰ, 5 ਫਰਵਰੀ (ਪਵਨ ਖਰਬੰਦਾ)- ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਕੈਂਪਸ ਨੂੰ ਆਪਣੇ ਵਿਦਿਆਰਥੀਆਂ ਦਿਵਯਮ ਸਚਦੇਵਾ ਤੇ ਉਤਕਿ੍ਸ਼ਟ ਤੁਲੀ ਨੇ ਬੈਡਮਿੰਟਨ ਅਤੇ ਸ਼ਤਰੰਜ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਦੋਵਾਂ ਨੇ ਦਿੱਲੀ ਵਿੱਚ ਕਰਵਾਈਆਂ ਨੇਸ਼ਨਲ ਬੈਡਮਿੰਟਨ ਗੇਮਜ਼ 2025-26 ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਡਰ-19 ਲੜਕੇ ਸ਼੍ਰੇਣੀ ਵਿੱਚ ਨੇਸ਼ਨਲ ਟੀਮ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਨੇ ਟੀਮ ਇਵੈਂਟ ਵਿੱਚ ਰਜਤ ਤਮਗਾ ਅਤੇ ਸਿੰਗਲਜ਼ ਇਵੈਂਟ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ | ਉਨ੍ਹਾਂ ਦਾ ਇਹ ਪ੍ਰਦਰਸ਼ਨ ਰਾਸ਼ਟਰੀ ਪੱਧਰ 'ਤੇ ਮਿਹਨਤ, ਹੁਨਰ ਅਤੇ ਖੇਡ ਭਾਵਨਾ ਦਾ ਉੱਤਮ ਉਦਾਹਰਨ ਹੈ | ਸਕੂਲ ਲਈ ਮਾਣ ਬਣੇ ਉਤਕਿ੍ਸ਼ਟ ਤੁਲੀ ਜਮਾਤ 10 ਦੇ ਵਿਦਿਆਰਥੀ ਤੇ ਪ੍ਰਤਿਭਾਸ਼ਾਲੀ ਸ਼ਤਰੰਜ ਖਿਡਾਰੀ ਹਨ | ਉਨ੍ਹਾਂ ਨੇ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਮਹੱਤਵਪੂਰਣ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ | ਉਨ੍ਹਾਂ ਨੇ 14ਵੀਂ ਨੇਸ਼ਨਲ ਸਕੂਲ ਚੈੱਸ ਚੈਂਪੀਅਨਸ਼ਿਪ 2025 (ਅੰਡਰ-17), ਗੁਹਾਟੀ (ਅਸਾਮ) ਵਿੱਚ ਦੂਸਰਾ ਸਥਾਨ ਹਾਸਲ ਕਰਕੇ ਰਜਤ ਤਮਗਾ ਤੇ ਨਕਦ ਰਾਸ਼ੀ ਜਿੱਤੀ | ਇਸ ਤੋਂ ਇਲਾਵਾ ਪੰਜਾਬ ਸਟੇਟ ਸਕੂਲ ਚੈੱਸ ਚੈਂਪੀਅਨਸ਼ਿਪ 2025 ਗੁਰਦਾਸਪੁਰ ਵਿੱਚ ਵੀ ਉਨ੍ਹਾਂ ਨੇ ਦੂਜਾ ਸਥਾਨ ਹਾਸਲ ਕੀਤਾ |