ਨੰਗਲ ਸ਼ਾਮਾਂ 'ਚ ਗਿੱਲੇ ਕੂੜੇ ਨੂੰ ਖਾਦ 'ਚ ਬਦਲਣ ਵਾਲਾ ਪਿੱਟ ਪ੍ਰਾਜੈਕਟ ਸ਼ੁਰੂ ਕਰੇਗਾ ਨਿਗਮ <br/>
ਨੰਗਲ ਸ਼ਾਮਾਂ ਵਿਚ ਕਈ ਸਾਲਾਂ ਤੋਂ ਬੰਦ ਪਈਆਂ ਪਿੱਟਾਂ ਜਿਨ੍ਹਾਂ 'ਤੇ ਨਿਗਮ ਵਲੋਂ ਜਲਦੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਤਸਵੀਰ: ਮੁਨੀਸ਼
<br/>
23-02-2026
ਜਲੰਧਰ, 22 ਫਰਵਰੀ (ਸ਼ਿਵ)- ਨਗਰ ਨਿਗਮ ਕਰੀਬ 7 ਸਾਲ ਬਾਅਦ ਨੰਗਲ ਸ਼ਾਮਾਂ ਵਿਚ ਗਿੱਲੇ ਕੂੜੇ ਨੂੰ ਖਾਦ ਵਿਚ ਬਦਲਣ ਵਾਲੇ ਪਿੱਟ ਪ੍ਰਾਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਨਾਲ ਆਸ-ਪਾਸ ਸੈਂਕੜੇ ਘਰਾਂ ਦੇ ਕੂੜੇ ਨੂੰ ਖ਼ਤਮ ਕੀਤਾ ਜਾ ਸਕੇਗਾ | ਨੰਗਲ ਸ਼ਾਮਾਂ ਦੀ ਇਕ ਰੈਜ਼ੀਡੈਂਸ਼ੀਅਲ ਸੁਸਾਇਟੀ ਦੀ ਐਨ. ਜੀ. ਟੀ. (ਨੈਸ਼ਨਲ ਗਰੀਨ ਟਿ੍ਬਿਊਨਲ) ਵਿਚ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਨਗਰ ਨਿਗਮ ਅਗਲੇ ਹਫ਼ਤੇ ਇਸ ਪਿੱਟ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਜਾ ਰਿਹਾ ਹੈ | 2019 ਵਿਚ ਨਗਰ ਨਿਗਮ ਵੱਲੋਂ ਨੰਗਲ ਸ਼ਾਮਾਂ ਤੇ ਰਾਮਾ ਮੰਡੀ ਇਲਾਕੇ ਦੇ ਪੁਰਾਣੇ ਦੋ ਦੇ ਕਰੀਬ ਵਾਰਡਾਂ ਦੇ ਕੂੜੇ ਨੂੰ ਖਾਦ ਵਿਚ ਬਦਲਣ ਲਈ ਨੰਗਲ ਸ਼ਾਮਾਂ ਵਿਚ 32 ਦੇ ਕਰੀਬ ਪਿੱਟਾਂ ਬਣਾਈਆਂ ਗਈਆਂ ਸੀ | ਲੱਖਾਂ ਰੁਪਏ ਦੀ ਲਾਗਤ ਨਾਲ ਪਿੱਟਾਂ ਤਿਆਰ ਕਰਨ ਤੋਂ ਇਲਾਵਾ ਸ਼ੈੱਡ ਵੀ ਬਣਾਇਆ ਗਿਆ ਸੀ ਤਾਂ ਉਸ ਵੇਲੇ ਉਕਤ ਸੁਸਾਇਟੀ ਵੱਲੋਂ ਇਸ ਪਿੱਟ ਪ੍ਰਾਜੈਕਟ ਦਾ ਭਾਰੀ ਵਿਰੋਧ ਕੀਤਾ ਗਿਆ ਸੀ ਕਿ ਇਸ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਵਾਤਾਵਰਨ ਦਾ ਭਾਰੀ ਨੁਕਸਾਨ ਹੋਵੇਗਾ | ਉਕਤ ਸੁਸਾਇਟੀ ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚਲੀ ਗਈ ਸੀ | ਹਾਈਕੋਰਟ ਵਿਚ ਮਾਮਲਾ ਜਾਣ ਤੋਂ ਬਾਅਦ ਪਿੱਟ ਪ੍ਰਾਜੈਕਟ 'ਤੇ ਰੋਕ ਲੱਗ ਗਈ ਸੀ | ਹਾਈਕੋਰਟ ਵੱਲੋਂ ਇਸ ਮਾਮਲੇ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੀ ਇਸ ਬਾਰੇ ਜਾਣਕਾਰੀ ਤਲਬ ਕੀਤੀ ਗਈ ਸੀ | ਦੱਸਿਆ ਜਾਂਦਾ ਹੈ ਕਿ ਨਿਗਮ ਪ੍ਰਸ਼ਾਸਨ ਵੱਲੋਂ ਆਪਣੇ ਪੱਖ ਵਿਚ ਕਿਹਾ ਗਿਆ ਸੀ ਕਿ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ-2016 ਦੇ ਨਿਯਮਾਂ ਮੁਤਾਬਿਕ 5 ਟਨ ਤੋਂ ਘੱਟ ਦੀ ਸਮਰੱਥਾ ਵਾਲੇ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਲਈ ਐਨ. ਓ. ਸੀ. ਦੀ ਲੋੜ ਨਹੀਂ ਹੈ | ਅਦਾਲਤ ਵੱਲੋਂ ਬਾਅਦ ਵਿਚ ਇਹ ਮਾਮਲਾ ਐਨ. ਜੀ. ਟੀ. 'ਚ ਭੇਜ ਦਿੱਤਾ ਗਿਆ ਸੀ | ਨਿਗਮ ਪ੍ਰਸ਼ਾਸਨ ਨੇ ਐਨ. ਜੀ. ਟੀ. ਵਿਚ ਵੀ ਆਪਣਾ ਮਜ਼ਬੂਤੀ ਨਾਲ ਪੱਖ ਰੱਖਦੇ ਹੋਏ ਕਿਹਾ ਸੀ ਕਿ ਉਹ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ- 2016 ਦੇ ਨਿਯਮਾਂ ਦੀ ਪਾਲਨਾ ਕਰ ਰਹੇ ਹਨ ਤੇ ਇਸ ਵਿਚ 5 ਟਨ ਤੋਂ ਘੱਟ ਸਮਰੱਥਾ ਵਾਲੇ ਇਸ ਪ੍ਰਾਜੈਕਟ ਦੀ ਐਨ. ਓ. ਸੀ. ਲੋੜ ਨਹੀਂ ਹੈ | ਐਨ. ਜੀ. ਟੀ. ਵਿਚ ਇਸ ਮਾਮਲੇ ਸੰਬੰਧੀ 4 ਫਰਵਰੀ ਨੂੰ ਸੁਣਵਾਈ ਹੋਈ ਸੀ ਜਿਸ ਵਿਚ ਸੁਸਾਇਟੀ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਗਈ ਹੈ | ਨਿਗਮ ਪ੍ਰਸ਼ਾਸਨ ਨੂੰ ਇਹ
ਫ਼ੈਸਲਾ ਬੀਤੇ ਦਿਨੀਂ ਹੀ ਮਿਲਿਆ ਹੈ | ਨਿਗਮ ਦੇ ਹੱਕ ਵਿਚ ਇਹ ਫ਼ੈਸਲਾ ਆਉਣ 'ਤੇ ਨਿਗਮ ਪ੍ਰਸ਼ਾਸਨ ਨੂੰ ਰਾਹਤ ਮਿਲੀ ਹੈ ਤੇ ਨਿਗਮ ਵੱਲੋਂ ਹੁਣ ਇਸ ਪ੍ਰਾਜੈਕਟ ਨੂੰ ਅਗਲੇ ਹਫ਼ਤੇ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ | ਚੇਤੇ ਰਹੇ ਕਿ ਨਗਰ ਨਿਗਮ ਦਾ ਨੰਗਲ ਸ਼ਾਮਾਂ ਵਿਚ ਪਹਿਲਾ ਪਾਇਲਟ ਪਿੱਟ ਪ੍ਰਾਜੈਕਟ ਸੀ ਜਿਹੜਾ ਕਿ ਸਾਬਕਾ ਕਮਿਸ਼ਨਰ ਸ੍ਰੀ ਦੀਪਰਵਾ ਲਾਕੜਾ ਨੇ ਵਿਸ਼ੇਸ਼ ਦਿਲਚਸਪੀ ਲੈ ਕੇ ਸ਼ੁਰੂ ਕਰਵਾਇਆ ਸੀ ਤਾਂ ਜੋ ਇਲਾਕੇ ਦੀ ਕੂੜਾ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ | ਨਗਰ ਨਿਗਮ ਦੀ ਹੈਲਥ ਬਰਾਂਚ ਵੱਲੋਂ ਕੁੱਝ ਸਾਲ ਪਹਿਲਾਂ ਸੁਸਾਇਟੀ ਨੂੰ ਆਪਣੇ ਨਿਕਲਦੇ ਕੂੜੇ ਨੂੰ ਪੋ੍ਰਸੈੱਸ ਨਾ ਕਰਨ ਦੇ ਮਾਮਲੇ ਵਿਚ ਚਲਾਨ ਵੀ ਕੀਤੇ ਗਏ ਸਨ | ਚੇਤੇ ਰਹੇ ਕਿ ਜੇਕਰ ਕਿਸੇ ਅਦਾਰੇ, ਹਾਊਸਿੰਗ ਸੁਸਾਇਟੀ ਦਾ 100 ਕਿੱਲੋ ਤੋਂ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਕੂੜੇ ਨੂੰ ਪੋ੍ਰਸੈੱਸ ਕਰਨਾ ਹੁੰਦਾ ਹੈ | ਨਿਗਮ ਦਾ ਕਹਿਣਾ ਸੀ ਕਿ ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਵਾਤਾਵਰਨ ਖ਼ਰਾਬ ਨਹੀਂ ਹੋਵੇਗਾ ਸਗੋਂ ਇਸ ਨਾਲ ਇਲਾਕੇ ਦਾ ਕੂੜਾ ਖ਼ਤਮ ਕੀਤਾ ਜਾ ਸਕੇਗਾ | ਇਸ ਜਗ੍ਹਾ 'ਤੇ ਦੋ ਵਾਰਡਾਂ ਦੇ ਕੂੜੇ ਨੂੰ ਖਾਦ ਵਿਚ ਬਦਲਣ ਦਾ ਕੰਮ ਕੀਤਾ ਜਾਣਾ ਸੀ | ਐਨ.ਜੀ.ਟੀ. ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਦੀ ਨਿਗਰਾਨੀ ਕਰੇ ਅਤੇ ਇਸ ਦੀ ਰਿਪੋਰਟ ਦੇਵੇ |