ਮਕਸੂਦਾਂ, 22 ਫਰਵਰੀ (ਸੌਰਵ ਮਹਿਤਾ)- ਦੇਰ ਰਾਤ ਵਿਦੇਸ਼ੀ ਨੰਬਰਾਂ ਤੋਂ ਆਈਆਂ ਵਟਸਐਪ ਕਾਲਾਂ ਅਤੇ ਵੁਆਇਸ ਮੈਸੇਜਾਂ ਰਾਹੀਂ ਇੱਕ ਸਮਾਜਿਕ ਸੰਸਥਾ ਨਾਲ ਜੁੜੀ ਮਹਿਲਾ ਆਗੂ ਨੂੰ ਜਾਨੋਂ ਮਾਰਣ ਦੀ ਧਮਕੀ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਲਗਾਤਾਰ ਵਟਸਐਪ ਕਾਲਾਂ ਕੀਤੀਆਂ ਗਈਆਂ ਪਰ ਕਾਲ ਨਾ ਉਠਾਏ ਜਾਣ 'ਤੇ ਵੁਆਇਸ ਸੁਨੇਹਾ ਭੇਜ ਕੇ ਇੰਟਰਵਿਊ ਦੇਣਾ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਤੇ ਨਾ ਮੰਨਣ ਦੀ ਸੂਰਤ ਵਿੱਚ ਗੋਲੀ ਮਾਰਣ ਦੀ ਚਿਤਾਵਨੀ ਦਿੱਤੀ ਗਈ | ਸੂਤਰਾਂ ਮੁਤਾਬਿਕ ਕੁਝ ਦਿਨ ਪਹਿਲਾਂ ਸ਼ਹਿਰ ਦੇ ਇਕ ਪ੍ਰਮੁੱਖ ਚੌਕ 'ਚ ਸੜਕ ਜਾਮ ਕਰਕੇ ਕੀਤੀ ਗਈ ਰਾਜਨੀਤਿਕ ਰੈਲੀ ਸੰਬੰਧੀ ਉਕਤ ਮਹਿਲਾ ਵੱਲੋਂ ਸੰਬੰਧਿਤ ਅਧਿਕਾਰਤ ਅਦਾਰੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ | ਧਮਕੀ ਦੇਣ ਵਾਲੇ ਨੇ ਇਸੀ ਮਾਮਲੇ ਦਾ ਹਵਾਲਾ ਦਿੰਦਿਆਂ ਪ੍ਰੈੱਸ ਕਾਨਫਰੰਸ ਕਰਨ 'ਤੇ ਐਤਰਾਜ਼ ਜਤਾਇਆ ਅਤੇ ਨਤੀਜੇ ਭੁਗਤਣ ਦੀ ਗੱਲ ਕਹੀ | ਘਟਨਾ ਤੋਂ ਬਾਅਦ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਰਾਜਨੀਤਿਕ ਆਗੂਆਂ ਤੇ ਸਮਰਥਕਾਂ ਨੇ ਥਾਣਾ ਡਿਵੀਜ਼ਨ ਨੰਬਰ 1 ਬਾਹਰ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਦੋਸ਼ੀਆਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਆਗੂਆਂ ਨੇ ਕਿਹਾ ਕਿ ਰਾਜ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ ਤੇ ਧਮਕੀ ਦੇਣ ਵਾਲਿਆਂ ਨੂੰ ਜਲਦੀ ਕਾਬੂ ਕੀਤਾ ਜਾਣਾ ਚਾਹੀਦਾ ਹੈ | ਪੁਲਿਸ ਵੱਲੋਂ ਸ਼ਿਕਾਇਤ ਪ੍ਰਾਪਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ | ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਪ੍ਰਸ਼ਾਸਨ ਖਿਲਾਫ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ |