ਜਲੰਧਰ, 24 ਫਰਵਰੀ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਐਲ.ਏ.ਡੀ.ਸੀ ਅਤੇ ਗਰਾਮੀਣ ਨਿਆਲਿਆ ਦੇ ਵਿਰੋਧ 'ਚ ਅੱਜ ਦੂਜੇ ਦਿਨ ਵੀ ਕੰਮਕਾਜ ਠੱਪ ਰੱਖਿਆ ਗਿਆ ਤੇ ਇਨ੍ਹਾਂ ਦੋਵਾਂ ਫ਼ੈਸਲਿਆਂ ਦਾ ਵਿਰੋਧ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਪੰਜਾਬ ਭਰ 'ਚ ਲਗਾਤਾਰ ਹੋ ਰਹੇ ਵਕੀਲਾਂ ਦੇ ਇਸ ਵਿਰੋਧ ਨੂੰ ਵੇਖਦੇ ਹੋਏ ਇੱਕ ਮੀਟਿੰਗ ਜਸਟਿਸ ਅਸ਼ਵਨੀ ਕੁਮਾਰ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਨਾਲ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਇਹ ਸਾਰਾ ਫ਼ੈਸਲਾ ਉੱਪਰ ਤੋਂ ਹੀ ਹੋਇਆ ਹੈ ਤੇ ਉਨ੍ਹਾਂ ਇਹ ਸਲਾਹ ਦਿੱਤੀ ਕਿ ਇਸ ਸਬੰਧੀ ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆ ਕਾਂਤ ਨਾਲ ਗੱਲਬਾਤ ਕੀਤੀ ਜਾਵੇ ਤੇ ਇਸ ਤੋਂ ਬਾਅਦ ਅਹੁਦੇਦਾਰਾਂ ਵੱਲੋਂ ਚੀਫ਼ ਜਸਟਿਸ ਆਫ਼ ਇੰਡੀਆ ਕੋਲੋਂ ਮਿਲਣ ਦਾ ਸਮਾਂ ਲਿਆ ਗਿਆ ਤੇ ਹੁਣ ਉਨ੍ਹਾਂ ਨਾਲ ਛੇਤੀ ਹੀ ਇਹ ਮੀਟਿੰਗ ਹੋਵੇਗੀ ਜਿਸ 'ਚ ਕੋਈ ਨਾ ਕੋਈ ਹੱਲ ਨਿਕਲਣ ਦੀ ਆਸ ਹੈ | ਇਸ ਤੋਂ ਬਾਅਦ ਬਾਰ ਮੈਂਬਰਾਂ ਵੱਲੋਂ ਅਜੇ ਅਗਾਂਹ ਲਈ ਹੜਤਾਲ ਦਾ ਫ਼ੈਸਲਾ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ | ਪਹਿਲਾਂ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਪਹਿਲਾਂ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਉਹ 21 ਤੋਂ 27 ਫਰਵਰੀ ਤੱਕ ਇਸੇ ਤਰ੍ਹਾਂ ਕੰਮਕਾਜ ਠੱਪ ਰੱਖਣਗੇ ਤੇ ਜੇਕਰ ਫਿਰ ਵੀ ਇਨ੍ਹਾਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤੇ ਇਹ ਫ਼ੈਸਲੇ ਵਾਪਸ ਨਾ ਲਏ ਗਏ ਤਾਂ ਉਹ ਅਗਾਂਹ ਅਣਮਿਥੇ ਸਮੇਂ ਲਈ ਕੰਮਕਾਜ ਠੱਪ ਰੱਖਣ ਦਾ ਫ਼ੈਸਲਾ ਕਰ ਸਕਦੇ ਹਨ | ਇਸ ਮੌਕੇ ਹੋਰ ਵਕੀਲਾਂ 'ਚ ਗੁਰਮੇਲ ਸਿੰਘ ਲਿੱਧੜ, ਓਮ ਪਰਕਾਸ਼ ਸ਼ਰਮਾ, ਬਲਵਿੰਦਰ ਸਿੰਘ ਲੱਕੀ, ਅਸ਼ੋਕ ਸ਼ਰਮਾ, ਅਮਰਿੰਦਰ ਸਿੰਘ ਥਿੰਦ, ਰਾਕੇਸ਼ ਧੀਰ, ਵਿਨੇ ਸ਼ਰਮਾ, ਸੰਜੀਵ ਬਾਂਸਲ, ਸੂਰਜ ਪ੍ਰਤਾਪ ਸਿੰਘ, ਸਾਹਿਲ ਮਲਹੋਤਰਾ, ਮੇਹੁਲ ਖੰਨਾ ਸਮੇਤ ਵੱਡੀ ਗਿਣਤੀ 'ਚ ਵਕੀਲ ਮੈਂਬਰ ਮੌਜੂਦ ਸਨ |