ਸ਼ਾਹਕੋਟ, 25 ਫਰਵਰੀ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਬੱਗਾ (ਸ਼ਾਹਕੋਟ) ਵਿਖੇ ਮਾਸਟਰ ਸਰਬਜੀਤ ਸਿੰਘ ਵੱਲੋਂ ਆਪਣੇ ਪਿਤਾ ਸਵ. ਸੁਰਜੀਤ ਸਿੰਘ (ਸੇਵਾ-ਮੁਕਤ ਇੰਸਪੈਕਟਰ ਪੰਜਾਬ ਪੁਲਿਸ) ਅਤੇ ਮਾਤਾ ਸਵ. ਪ੍ਰੀਤਮ ਕੌਰ ਦੀ ਯਾਦ 'ਚ ਸੈਸ਼ਨ 2024-25 ਦੌਰਾਨ ਸਲਾਨਾ ਪ੍ਰੀਖਿਆਵਾਂ 'ਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਵਜੀਫ਼ੇ ਦੀ ਰਾਸ਼ੀ ਤੇ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ ਮੈਂਬਰ ਪਰਮਜੀਤ ਕੌਰ, ਤਨਵੀਰ ਸਿੰਘ ਅਤੇ ਬਿਕਰਮਜੀਤ ਸਿੰਘ ਵੀ ਮੌਜੂਦ ਸਨ | ਸਮਾਗਮ ਦੌਰਾਨ ਸਕੂਲ ਮੁਖੀ ਰਾਕੇਸ਼ ਖਹਿਰਾ ਸੈਂਟਰ ਹੈੱਡ ਟੀਚਰ ਨੇ ਦੱਸਿਆ ਕਿ ਮਾਸਟਰ ਸਰਬਜੀਤ ਸਿੰਘ ਪਿਛਲੇ 6 ਸਾਲ ਤੋਂ ਲਗਾਤਾਰ ਬੱਚਿਆਂ ਨੂੰ ਸਕਾਲਰਸ਼ਿਪ ਦੇ ਰਹੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਉਨ੍ਹਾਂ ਵਲੋਂ ਸਕੂਲ ਦੇ ਮਿਡ-ਡੇ-ਮੀਲ ਕੁੱਕ ਤੇ ਸਫ਼ਾਈ ਸੇਵਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਮਾਸਟਰ ਸਰਬਜੀਤ ਸਿੰਘ ਨੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਅਖ਼ੀਰ 'ਚ ਸਕੂਲ ਸਟਾਫ਼ ਵੱਲੋਂ ਮਾਸਟਰ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਡਮ ਸੁਨੀਤਾ ਰਾਣੀ, ਮਨਦੀਪ ਕੌਰ, ਜਸਵੀਰ ਕੌਰ, ਮਨਜੀਤ ਕੌਰ, ਬਲਵੀਰ ਕੌਰ, ਕੁਲਵਿੰਦਰ ਕੌਰ, ਸੁਮਨ ਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ |