ਕਰਤਾਰਪੁਰ 'ਚ ਨਹੀਂ ਹਨ ਸਿਹਤ, ਨਗਰ ਕੌਂਸਲ, ਅੱਗ ਬੁਝਾਊੁ ਤੇ ਮਾਲ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੀਆਂ ਪੱਕੀਆਂ ਰਿਹਾਇਸ਼ਾਂ <br/>
ਸਬ-ਤਹਿਸੀਲ ਕਰਤਾਰਪੁਰ ਦੀ ਇਮਾਰਤ | (ਵਿਚਕਾਰ) ਨਗਰ ਕੌਂਸਲ ਕਰਤਾਰਪੁਰ ਦਫ਼ਤਰ ਦੀ ਬਾਹਰੀ ਤਸਵੀਰ | (ਸੱਜੇ) ਸਿਹਤ ਵਿਭਾਗ ਵੱਲੋਂ ਕਰਤਾਰਪੁਰ 'ਚ ਉਸਾਰੀਆਂ ਗਈਆਂ ਖਸਤਾ ਹਾਲ ਇਮਾਰਤਾਂ ਦੀ ਕਹਾਣੀ ਬਿਆਨ ਕਰਦੀ ਤਸਵੀਰ | ਤਸਵੀਰਾਂ. ਜਨਕ ਰਾਜ ਗਿੱਲ
<br/>
26-02-2026
ਕਰਤਾਰਪੁਰ, 25 ਫਰਵਰੀ (ਜਨਕ ਰਾਜ ਗਿੱਲ)- ਸਬ-ਡਵੀਜ਼ਨ ਦਾ ਦਰਜਾ ਅੱਜ ਤੱਕ ਹਾਸਲ ਨਾ ਕਰਨ ਵਾਲਾ ਇਤਿਹਾਸਕ ਸ਼ਹਿਰ ਕਰਤਾਰਪੁਰ ਜਿਸ ਨੂੰ ਹਮੇਸ਼ਾ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਖ਼ਮਿਆਜ਼ਾ ਭੁਗਤਣਾਂ ਪੈ ਰਿਹਾ ਹੈ | ਲੋਕ ਸਰਕਾਰਾਂ ਦੀ ਕਹਿਣੀ ਤੇ ਕਰਨੀ ਦੀ ਮਿਸਾਲਾਂ ਨੂੰ ਭੁਗਤ ਰਹੇ ਹਨ, ਜਿੱਥੇ ਸ਼ਹਿਰ ਵਾਸੀਆਂ ਲਈ ਤਾਇਨਾਤ ਸਿਹਤ ਵਿਭਾਗ, ਨਗਰ ਕੌਂਸਲ, ਮਾਲ ਵਿਭਾਗ ਤੇ ਅੱਗ ਬੁਝਾਊ ਵਿਭਾਗਾਂ ਦੇ ਆਲ੍ਹਾ ਅਧਿਕਾਰੀਆਂ ਦੀਆਂ ਪੱਕੀਆਂ ਢੁਕਵੀਆਂ ਰਿਹਾਇਸ਼ਾਂ ਨਾ ਹੋਣ ਕਰ ਕੇ ਇਹ ਅਧਿਕਾਰੀ ਡਿਊਟੀ ਪੂਰੀ ਕਰਦੇ ਹੋਏ ਘਰਾਂ ਨੂੰ ਵਾਪਸ ਜਾਣ ਲਈ ਮਜਬੂਰ ਤੇ ਬੇਵੱਸ ਦੇਖੇ ਜਾ ਸਕਦੇ ਹਨ ਜਦਕਿ ਅਕਾਲੀ ਭਾਜਪਾ ਸਰਕਾਰ ਸਮੇਂ ਸਬ-ਤਹਿਸੀਲ ਕਰਤਾਰਪੁਰ ਦਾ ਕੰਮ ਨੇਪਰੇ ਚੜਿ੍ਹਆ ਜਿਸ ਵਿਚ ਨਵੇਂ ਪਟਵਾਰਖ਼ਾਨੇ ਦਾ ਨਿਰਮਾਣ ਹੋਇਆ, ਹਲਕਾ ਭਰ ਦੇ ਮਾਲ ਵਿਭਾਗ ਨਾਲ ਸਬੰਧਿਤ ਦਸਤਾਵੇਜ਼ਾਂ ਦੇ ਬਿਉਰੇ ਦੀ ਸਾਂਭ ਸੰਭਾਲ ਲਈ ਨਿਰਮਾਣ ਜੰਗੀ ਪੱਧਰ 'ਤੇ ਕੀਤਾ ਗਿਆ ਪਰ ਨਾਇਬ ਤਹਿਸੀਲਦਾਰ ਦੀ ਰਿਹਾਇਸ਼ ਨੂੰ ਪਾਉਣਾ ਭੁੱਲ ਗਈ | ਅੱਜ ਵੀ ਜਨਤਕ ਥਾਂ ਦੀ ਇਮਾਰਤ ਤੋਂ ਇਲਾਵਾ ਪੂਰਾ ਸਬ-ਤਹਿਸੀਲ ਕੰਪਲੈਕਸ ਕੱਚਾ ਹੈ ਜਿਸ ਕਾਰਨ ਬਰਸਾਤਾਂ ਦੇ ਮੌਸਮ 'ਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ ਅਤੇ ਨਾਲ ਹੀ ਸਬ ਤਹਿਸੀਲ 'ਚ ਬਣੇ ਸੇਵਾ ਕੇਂਦਰ ਨੂੰ ਚੋਰਾਂ ਵੱਲੋਂ ਦੋ ਤਿੰਨ ਵਾਰ ਆਪਣਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ | ਜਿੱਥੇ ਮੌਜੂਦਾ ਸਮੇਂ ਅੰਦਰ ਸੁਰੱਖਿਆ ਦੀ ਵੱਡੀ ਘਾਟ ਦੇਖੀ ਜਾ ਸਕਦੀ ਹੈ | ਦੂਜੇ ਪਾਸੇ ਸੂਬਾ ਸਰਕਾਰ ਨੂੰ ਸ਼ਹਿਰ ਤੋਂ ਲੱਖਾਂ ਰੁਪਏ ਟੈਕਸ ਦੀ ਵਸੂਲੀ ਕਰ ਕੇ ਦੇਣ ਵਾਲੇ ਨਗਰ ਕੌਂਸਲ ਕਰਤਾਰਪੁਰ ਵਿਚ ਵੀ ਕਾਰਜ ਸਾਧਕ ਅਫ਼ਸਰ ਤੇ ਸ਼ਹਿਰ ਅਤੇ ਦਿਹਾਤੀ ਖੇਤਰਾਂ 'ਚ ਅੱਗ ਲੱਗਣ ਦੀ ਭਿਆਨਕ ਸਥਿਤੀ 'ਤੇ ਕਾਬੂ ਪਾਉਣ ਵਾਲੇ ਅੱਗ ਬੁਝਾਂਊ ਵਿਭਾਗ ਦੇ ਫਾਇਰ ਅਫ਼ਸਰ ਲਈ ਦੀ ਢੁਕਵੀਂ ਰਿਹਾਇਸ਼ ਦੀ ਘਾਟ ਦੇਖੀ ਜਾ ਸਕਦੀ ਹੈ | ਸ਼ਹਿਰ ਤੇ ਦਿਹਾਤੀ ਖੇਤਰਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਸਰਕਾਰੀ ਹਸਪਤਾਲ 'ਚ ਸੀਨੀਅਰ ਮੈਡੀਕਲ ਅਫ਼ਸਰ ਦੀ ਰਿਹਾਇਸ਼ ਦੀ ਸਥਿਤੀ ਬੇਹੱਦ ਖਸਤਾ ਹੈ ਜੋ ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦੀ ਹੈ | ਸ਼ਹਿਰ ਕਰਤਾਰਪੁਰ ਦੇ ਇਨ੍ਹਾਂ ਵਿਭਾਗਾਂ ਦੇ ਸਮੂਹ ਅਧਿਕਾਰੀ ਡਿਊਟੀ ਸਮਾਂ ਪੂਰਾ ਕਰਦੇ ਹੋਏ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ |