ਜਲੰਧਰ, 26 ਫਰਵਰੀ (ਜਸਪਾਲ ਸਿੰਘ, ਹਰਵਿੰਦਰ ਸਿੰਘ ਫੁੱਲ)-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਜਾਗਿ੍ਤੀ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਪੰਜਾਬ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਦੀ ਅਗਵਾਈ 'ਚ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮਾਂ ਬੋਲੀ ਪੰਜਾਬੀ ਮਾਰਚ ਕੱਢਿਆ ਗਿਆ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੈਂਬਰ ਪਾਰਲੀਮੈਂਟ ਡਾ. ਅਸ਼ੋਕ ਮਿੱਤਲ, ਡਿਪਟੀ ਕਮਿਕਸ਼ਨਰ ਡਾ.ਹਿਮਾਂਸ਼ੂ ਅਗਰਵਾਲ, ਸੰਤ ਨਿਰਮਲ ਦਾਸ ਬਾਬਾ ਜੌੜੇ ਵਾਲੇ ਅਤੇ ਸੀਨੀਅਰ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਤੋਂ ਇਲਾਵਾ ਹੋਰਨਾਂ ਪ੍ਰਮੁੱਖ ਸਖਸ਼ੀਅਤਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਹ ਮਾਰਚ ਲਾਇਲਪੁਰ ਖਾਲਸਾ ਸਕੂਲ, ਨਕੋਦਰ ਰੋਡ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਹੁੰਚ ਕੇ ਸਮਾਪਤ ਹੋਇਆ | ਇਸ ਮੌਕੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਦੀਪਕ ਬਾਲੀ ਵਲੋਂ ਕੀਤੇ ਗਏ ਸੰਜੀਦਾ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਦਾ ਰਾਜਦੂਤ ਬਣਨ ਦਾ ਸੱਦਾ ਦਿੰਦਿਆਂ ਵਿਸ਼ਵ ਪੱਧਰ 'ਤੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਸੁਨੇਹਾ ਦਿੱਤਾ ਗਿਆ | ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ | ਇਸ ਮੌਕੇ ਦੀਪਕ ਬਾਲੀ ਨੇ ਵੱਡੀ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਤ ਭਾਸ਼ਾ ਦਿਵਸ ਨੂੰ ਇਕ ਤਿਉਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਆਕਤੀ ਦੀ ਪਹਿਚਾਣ ਉਸ ਦੀ ਮਾਤ ਭਾਸ਼ਾ ਦੀਆਂ ਡੂੰਘੀਆਂ ਜੜ੍ਹਾਂ ਨਾਲ ਜੁੜੀ ਹੁੰਦੀ ਹੈ | ਸਮਾਗਮ ਦੌਰਾਨ ਪ੍ਰਸਿੱਧ ਗਾਇਕ ਮਨਕੀਰਤ ਔਲਖ, ਅਲੀ ਬ੍ਰਦਰਜ਼, ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖ਼ਤਰ ਵਲੋਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ | ਇਸ ਤੋਂ ਪਹਿਲਾਂ ਕੱਢੇ ਗਏ ਮਾਰਚ ਦੇ ਅੱਗੇ ਬੈਂਡ ਵਾਜਾ ਪਾਰਟੀਆਂ ਚੱਲ ਰਹੀਆਂ ਸਨ ਤੇ ਵਿਦਿਆਰਥੀਆਂ ਨੇ ਹੱਥਾਂ 'ਚ ਮਾਂ ਬੋਲੀ ਦੀ ਉਸਤਤ 'ਚ ਲਿਖੀਆਂ ਤਖਤੀਆਂ ਤੇ ਬੈਨਰ ਚੁੱਕੇ ਹੋਏ ਸਨ | ਇਸ ਦੌਰਾਨ ਮਾਰਚ ਦਾ ਰਸਤੇ 'ਚ ਵੱਖ-ਵੱਖ ਸਭਾ ਸੁਸਾਇਟੀਆਂ ਤੇ ਸੰਸਥਾਵਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ | ਪੰਜਾਬ ਪ੍ਰੈੱਸ ਕਲੱਬ ਵਿਖੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਡਾ. ਕਮਲੇਸ਼ ਸਿੰਘ ਦੁੱਗਲ ਦੀ ਅਗਵਾਈ ਹੇਠ ਮਾਰਚ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਦੌਰਾਨ ਕਲੱਬ ਵਲੋਂ ਮਾਰਚ 'ਚ ਸ਼ਾਮਿਲ ਪੰਜਾਬੀ ਪ੍ਰੇਮੀਆਂ ਦੀ ਸੇਵਾ ਲਈ
ਪਾਣੀ ਦੀ ਸੇਵਾ ਵੀ ਕੀਤੀ ਗਈ | ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਅਮਰਜੋਤ ਸਿੰਘ, ਮਨੀ ਸ਼ਰਮਾ, ਮਨਰਾਜ ਚੱਠਾ, ਤਜਿੰਦਰ ਭਸੀਨ, ਸਰਦਾਰਨੀ ਬਲਬੀਰ ਕੌਰ, ਬੀਬੀ ਗੁਰਬਚਨ ਕੌਰ ਦੂਆ, ਰਾਜਵਿੰਦਰ ਕੌਰ ਥਿਆੜਾ, ਬੀਬੀ ਸੰਤੋਸ਼ ਕੁਮਾਰੀ, ਕੌਸਲਰ ਮਨਮੀਤ ਕੌਰ, ਸੁਖਬੀਰ ਕੌਰ ਚੱਠਾ, ਪ੍ਰਵੀਨ ਅਬਰੋਲ, ਆਸਥਾ ਅਬਰੋਲ, ਸਰੁੱਚੀ ਕੱਕੜ, ਰਮਨਜੀਤ ਕੌਰ, ਰੇਖਾ ਕਸ਼ਯਪ, ਕੁਲਵੰਤ ਸਿੰਘ ਦਾਲਮ ਸਿੰਘ, ਕੌਸਲਰ ਹਰਜਿੰਦਰ ਸਿੰਘ ਲਾਡਾ, ਕੁਲਵਿੰਦਰ ਹੀਰਾ, ਪ੍ਰੋ. ਮਨਜੀਤ ਸਿੰਘ, ਮਨਜੀਤ ਸਿੰਘ ਠੁਕਰਾਲ, ਮੰਗਲ ਸਿੰਘ ਬਾਸੀ, ਆਈ.ਐਸ.ਬੱਗਾ, ਸੁਰਜੀਤ ਲਾਲ, ਜੌਨੀ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੱਬਲੂ, ਸੁਰਿੰਦਰ ਸਿੰਘ ਕੈਰੋਂ, ਹਰਪ੍ਰੀਤ ਸਿੰਘ ਵਾਲੀਆ, ਰਾਜੀਵ ਦੁੱਗਲ, ਭੁਪਿੰਦਰ ਸਿੰਘ ਖਾਲਸਾ, ਲਵਲੀ ਚੰਦੀ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ |
ਮਾਣਕ ਤੇ ਬਾਲੀ ਦੀ ਅਗਵਾਈ ਹੇਠ ਸੌਂਪਿਆ ਮੰਗ ਪੱਤਰ
ਜਲੰਧਰ-ਪੰਜਾਬ ਜਾਗਿ੍ਤੀ ਮੰਚ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਸੰਬੰਧੀ ਕੀਤੇ ਗਏ ਪੰਜਾਬੀ ਜਾਗਿ੍ਤੀ ਮਾਰਚ ਦੌਰਾਨ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਜਨਰਲ ਸਕੱਤਰ ਦੀਪਕ ਬਾਲੀ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਮੰਗ ਪੱਤਰ ਸੌਂਪ ਕੇ ਪੰਜਾਬੀ ਨੂੰ ਸਿੱਖਿਆ, ਪ੍ਰਸ਼ਾਸ਼ਨ ਅਤੇ ਨਿਆਂਪਾਲਕਾ ਦੀ ਭਾਸ਼ਾ ਬਣਾਏ ਜਾਣ ਅਤੇ ਸਰਕਾਰੇ-ਦਰਬਾਰੇ ਬਣਦਾ ਮਾਣ-ਸਨਮਾਨ ਦੇਣ ਦੀ ਮੰਗ ਕੀਤੀ ਗਈ | ਇਨ੍ਹਾਂ ਮੰਗਾਂ ਨੂੰ ਸ੍ਰੀ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਪ੍ਰੇਮੀਆਂ ਸਾਹਮਣੇ ਰੱਖਦੇ ਹੋਏ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਰਾਜ ਦੇ ਸਾਰੇ ਸਕੂਲਾਂ 'ਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਦੀ ਇਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਯਕੀਨੀ ਬਣਾਈ ਜਾਵੇ ਅਤੇ ਕਿਸੇ ਵੀ ਵਿਦਿਆਰਥੀ 'ਤੇ ਪੰਜਾਬੀ ਬੋਲਣ ਸੰਬੰਧੀ ਕੋਈ ਪਾਬੰਦੀ ਨਾ ਹੋਵੇ | ਇਸੇ ਤਰ੍ਹਾਂ ਉਨ੍ਹਾਂ ਰਾਜ ਵਿਚ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਬੋਰਡਾਂ 'ਤੇ ਸਭ ਤੋਂ ਉੱਪਰ ਪੰਜਾਬੀ ਵਿਚ ਜਾਣਕਾਰੀ ਲਿਖਣ ਅਤੇ ਗੈਰ ਸਰਕਾਰੀ ਬੋਰਡਾਂ 'ਤੇ ਵੀ ਸਭ ਤੋਂ ਉੱਪਰ ਪੰਜਾਬੀ ਲਿਖਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ | ਇਸ ਮੌਕੇ ਉਨ੍ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਂਪੀ ਜਾਣ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤੇ ਜਾਣ ਦੀ ਮੰਗ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਹਾਈਕੋਰਟ ਤੱਕ ਅਦਾਲਤੀ ਕੰਮ-ਕਾਜ ਪੰਜਾਬੀ ਭਾਸ਼ਾ 'ਚ ਯਕੀਨੀ ਬਣਾਏ ਜਾਣ, 2008 ਦੇ ਸੋਧੇ ਹੋਏ ਪੰਜਾਬੀ ਭਾਸ਼ਾ ਐਕਟ ਮੁਤਾਬਿਕ ਪ੍ਰਸ਼ਾਸ਼ਨ ਦਾ ਸਮੁੱਚਾ ਕੰਮ ਪੰਜਾਬੀ 'ਚ ਕਰਨ ਸੰਬੰਧੀ ਠੋਸ ਕਦਮ ਚੁੱਕੇ ਜਾਣ ਦੀ ਵੀ ਮੰਗ ਕੀਤੀ | ਇਸ ਤੋਂ ਇਲਾਵਾ ਮੰਗ ਪੱਤਰ 'ਚ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪ੍ਰਸ਼ਾਸ਼ਨ, ਨਿਆਂਪਾਲਿਕਾ ਤੇ ਸਿੱਖਿਆ ਆਦਿ ਦੇ ਖੇਤਰ 'ਚ ਪੰਜਾਬੀ ਨੂੰ ਲਾਗੂ ਕਰਵਾਉਣ ਅਤੇ ਲੋਕਾਂ ਦੇ ਭਾਸ਼ਾਈ ਅਧਿਕਾਰਾਂ ਦੀ ਰੱਖਿਆ ਲਈ ਇਕ ਸ਼ਕਤੀਸ਼ਾਲੀ ਪੰਜਾਬ ਭਾਸ਼ਾ ਕਮਿਸ਼ਨ ਦੀ ਸਥਾਪਨਾ ਕਰਨ ਲਈ ਅੱਗੇ ਆਉਣ | ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ ਤਕਨੀਕੀ ਤੇ ਉੱਚ ਸਿੱਖਿਆ ਦੇ ਸਾਰੇ ਅਦਾਰਿਆਂ 'ਚ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਹਾਸਿਲ ਕਰਨ ਦੇ ਮੌਕੇ ਪੰਜਾਬੀ 'ਚ ਦਿੱਤੇ ਜਾਣੇ ਚਾਹੀਦੇ ਹਨ | ਮੰਗ ਪੱਤਰ 'ਚ ਗਾਇਕਾਂ ਨੂੰ ਲੱਚਰ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਗਾਇਕੀ ਤੋਂ ਦੂਰ ਰਹਿਣ ਤੇ ਵੱਖ-ਵੱਖ ਮੀਡੀਆ ਅਦਾਰਿਆਂ ਤੇ ਸ਼ੋਸ਼ਲ ਮੰਚਾਂ ਨੂੰ ਵੀ ਅਜਿਹੀ ਸਮੱਗਰੀ ਦੀ ਪੇਸ਼ਕਾਰੀ ਬੰਦ ਕਰਨ ਦੀ ਮੰਗ ਕੀਤੀ ਗਈ | ਇਸ ਦੇ ਨਾਲ ਹੀ ਰਾਜ 'ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਜਟ 'ਚ ਲੋੜੀਂਦੇ ਫੰਡ ਰੱਖਣ ਦੀ ਵੀ ਮੰਗ ਕੀਤੀ ਗਈ |
'ਮਾਂ-ਬੋਲੀ ਪੰਜਾਬੀ ਮਾਰਚ' 'ਚ ਵੱਡੀ ਗਿਣਤੀ ਪੰਜਾਬੀ ਪ੍ਰੇਮੀਆਂ ਨੇ ਉਤਸ਼ਾਹ ਨਾਲ ਕੀਤੀ ਸ਼ਮੂਲੀਅਤ
ਅਜੀਤ ਡੈਸਕ
27-02-2026