ਜਲੰਧਰ, 26 ਫਰਵਰੀ (ਸ਼ਿਵ)-ਕੁੱਝ ਦਿਨ ਪਹਿਲਾਂ ਪੀ. ਪੀ. ਆਰ. ਮਾਲ ਦੇ ਨੇੜੇ ਰੀਅਲ ਅਸਟੇਟ ਦੇ ਇਕ ਦਫ਼ਤਰ ਵਿਚ ਸਰਵੇਖਣ ਕਰਨ ਲਈ ਗਈ ਸੀ. ਜੀ. ਐੱਸ. ਟੀ. ਦੀ ਟੀਮ ਦੇ ਮੈਂਬਰਾਂ ਨੂੰ ਬੰਧਕ ਬਣਾਉਣ ਦੇ ਮਾਮਲੇ ਵਿਚ ਅੱਜ ਥਾਣਾ ਨੰਬਰ 7 ਵਿਚ ਕਾਲੋਨਾਈਜਰ ਮੇਜਰ ਸਿੰਘ ਸਮੇਤ 9 'ਤੇ ਕੇਸ ਦਰਜ ਕੀਤਾ ਗਿਆ ਹੈ | ਇਹ ਕੇਸ ਥਾਣਾ ਨੰਬਰ 7 ਵਿਚ ਸੀ. ਜੀ. ਐੱਸ. ਟੀ. ਦੇ ਵਧੀਕ ਕਮਿਸ਼ਨਰ ਸ੍ਰੀ ਪ੍ਰਸ਼ਾਂਤ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਮੇਜਰ ਸਿੰਘ ਤੋਂ ਇਲਾਵਾ ਜਿਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ, ਉਨਾਂ ਵਿਚ ਪ੍ਰਭਜੋਤ ਸਿੰਘ, ਤਰੁਨ ਸ਼ਰਮਾ, ਇੰਦਰਜੋਤ ਸਿੰਘ ਸਮੇਤ 5 ਹੋਰ ਅਣਪਛਾਤੇ ਵਿਅਕਤੀ ਸ਼ਾਮਿਲ ਹਨ | ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਟੀਮ ਨੂੰ ਤਲਾਸ਼ੀ ਮੁਹਿੰਮ ਦੌਰਾਨ ਸਰਕਾਰੀ ਡਿਊਟੀ ਕਰਨ ਤੋਂ ਰੋਕਿਆ ਗਿਆ | ਅਧਿਕਾਰੀਆਂ ਨੂੰ ਕੁੱਝ ਲੋਕਾਂ ਵਲੋਂ ਗ਼ਲਤ ਤਰੀਕੇ ਨਾਲ ਰੋਕਿਆ ਗਿਆ | ਉਨਾਂ ਨਾਲ ਦੁਰਵਿਹਾਰ ਕੀਤਾ ਗਿਆ | ਸੀ. ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਦੀ ਟੀਮ 16 ਫਰਵਰੀ ਦੁਪਹਿਰ ਬਾਅਦ ਰੀਅਲ ਅਸਟੇਟ ਦੇ ਇਸ ਦਫਤਰ ਵਿਚ ਜਦੋਂ ਸਰਵੇਖਣ ਲਈ ਗਈ ਸੀ ਤਾਂ ਉਸ ਵੱਲੋਂ ਇਹ ਘਟਨਾ ਵਾਪਰੀ ਸੀ | ਸੀ. ਜੀ. ਐੱਸ. ਟੀ. ਟੀਮ ਨੂੰ ਬੰਧਕ ਬਣਾਉਣ ਦੇ ਮਾਮਲੇ ਦੀ ਉਸ ਦਿਨ ਕਾਫੀ ਚਰਚਾ ਰਹੀ ਸੀ | ਇਸ ਬਾਰੇ ਬਾਅਦ ਵਿਚ ਵੀਡੀਓ ਵੀ ਵਾਇਰਲ ਹੋਏ ਸੀ ਜਿਨਾਂ ਵਿਚ ਮੌਕੇ 'ਤੇ ਪੁਲਿਸ ਕਰਮਚਾਰੀ ਵੀ ਪੱੁਜੇ ਦਿਖਾਏ ਗਏ ਸਨ ਜਿਨਾਂ ਨੇ ਟੀਮ ਮੈਂਬਰ ਨੂੰ ਛਡਾਇਆ ਸੀ | ਬਾਅਦ ਵਿਚ ਕਾਰੋਬਾਰੀ ਅਤੇ ਸਾਬਕਾ ਕੌਂਸਲਰ ਪਤੀ ਮੇਜਰ ਸਿੰਘ ਨੇ ਬੰਧਕ ਬਣਾਏ ਜਾਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ | ਦੱਸਿਆ ਜਾਂਦਾ ਹੈ ਕਿ ਸੀ. ਜੀ. ਐੱਸ. ਟੀ. ਵਿਭਾਗ ਦੀ ਟੀਮ ਨੇ ਜਿਹੜਾ ਰੀਅਲ ਅਸਟੇਟ ਦਫਤਰ ਵਿਚ ਸਰਵੇਖਣ ਕੀਤਾ ਸੀ, ਉਸ ਤੋਂ ਪਹਿਲਾਂ ਇਸ ਨਾਲ ਸਬੰਧਿਤ ਇਕ ਕਰ ਮਾਮਲੇ ਦੀ ਪਹਿਲਾਂ ਹੀ ਜਾਂਚ ਕਰ ਰਹੀ ਸੀ |