ਆਦਮਪੁਰ, 5 ਮਾਰਚ (ਰਮਨ ਦਵੇਸਰ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ, ਜਿਸ ਵਿਚ ਲਾਭ ਪਾਤਰੀ ਪਰਿਵਾਰਾਂ ਨੂੰ ਦਸ ਲੱਖ ਰੁਪਏ ਤੱਕ ਦੀ ਰਾਸ਼ੀ ਮੁਹੱਈਆ ਕਰਾਉਣ ਹਿੱਤ ਪ੍ਰਾਵਧਾਨ ਰੱਖਿਆ ਗਿਆ ਹੈ | ਆਦਮਪੁਰ ਸਬ ਡਵੀਜਨ 'ਚ ਬਹਿਤਰ ਤਰੀਕੇ ਨਾਲ ਕਾਰਜਸ਼ੀਲ ਕਰਨ ਹਿੱਤ ਸਬ ਡਵੀਜਨ ਵਿਚ ਵੱਖ-ਵੱਖ ਥਾਵਾਂ ਉੱਤੇ ਕੈਂਪ ਲਗਾਏ ਜਾ ਰਹੇ ਹਨ | ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਡਾ. ਹਿਮਾਸੂ ਅਗਰਵਾਲ, ਡਿਪਟੀ ਕਮਿਸ਼ਨਰ, ਜਲੰਧਰ ਵਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਯੋਗ ਲਾਭਪਾਤਰੀਆਂ ਦੀ ਸਹੂਲਤ ਲਈ ਐਸ.ਡੀ.ਐਮ. ਦਫਤਰ ਵਿੱਚ ਰਜਿਸਟ੍ਰੇਸ਼ਨ ਸੈਂਟਰ ਖੋਲਿ੍ਹਆ ਜਾਵੇ | ਇਸ ਦੇ ਚਲਦਿਆਂ ਉਪ ਮੰਡਲ ਮੈਜਿਸਟਰੇਟ, ਆਦਮਪੁਰ ਦੇ ਦਫਤਰ, ਜੋ ਕਿ ਭੋਗ ਪੁਰ ਰੋਡ ਤੇ ਸਥਿਤ ਹੈ ਵਿਖੇ ਸਵੇਰੇ 9-00 ਵਜੇ ਤੋਂ ਲੈ ਕੇ ਸ਼ਾਮ ਦੇ 5-00 ਵਜੇ ਤੱਕ ਹਰ ਦਫਤਰੀ ਦਿਨ ਰਜਿਸਟਰੇਸ਼ਨ ਕੈਂਪ ਅਯੋਜਿਤ ਕੀਤਾ ਜਾਵੇਗਾ | ਕਾਰਡ ਬਣਾਉਣ ਤੋਂ ਇਲਾਵਾ ਇਸ ਸੈਂਟਰ ਰਾਹੀਂ ਉਕਤ ਯੋਜਨਾ ਲਈ ਨਵੇਂ ਰਜਿਸਟ੍ਰੇਸ਼ਨ, ਦਸਤਾਵੇਜ਼ਾਂ ਦੀ ਜਾਂਚ ਅਤੇ ਹੋਰ ਸੰਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ | ਯੋਗ ਵਿਅਕਤੀ ਆਪਣੇ ਪਰਿਵਾਰ ਸਹਿਤ ਆ ਕੇ, ਆਪਣੇ ਆਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਲੈ ਕੇ ਕੈਂਪ ਵਿੱਚ ਆ ਕੇ ਇਸ ਸਕੀਮ ਤਹਿਤ ਆਪਣਾ ਕਾਰਡ ਬਣਾ ਸਕਦੇ ਹਨ |