ਸ਼ਾਹਕੋਟ, 5 ਮਾਰਚ (ਸੁਖਦੀਪ ਸਿੰਘ)- ਸ਼ਾਹਕੋਟ ਤੋਂ ਵਾਇਆ ਢੰਡੋਵਾਲ ਤੇ ਪੰਡੋਰੀ ਖ਼ਾਸ ਰਾਹੀਂ ਨਕੋਦਰ ਨੂੰ ਜਾਂਦੀ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਖਸਤਾ ਹਾਲਤ 'ਚ ਸੀ, ਜਿੱਥੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਸੀ ਅਤੇ ਹਾਦਸੇ ਵਾਪਰਦੇ ਸਨ | ਜਿਸ ਨੂੰ ਦੇਖਦਿਆਂ ਪੰਜਾਬ ਮੰਡੀ ਬੋਰਡ ਵੱਲੋਂ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਹੈ | ਇਹ ਕੰਮ ਐਸ.ਡੀ.ਓ. ਮੰਡੀ ਬੋਰਡ ਅਜ਼ਾਦ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ | ਐਸ.ਡੀ.ਓ. ਅਜ਼ਾਦ ਸਿੰਘ ਨੇ ਦੱਸਿਆ ਕਿ ਸ਼ਾਹਕੋਟ-ਮਲਸੀਆਂ ਰੋਡ ਤੋਂ ਵਾਇਆ ਢੰਡੋਵਾਲ, ਪੰਡੋਰੀ ਖ਼ਾਸ ਤੋਂ ਹੁੰਦੀ ਹੋਈ ਨਕੋਦਰ ਨੂੰ ਜਾਂਦੀ ਸੜਕ ਦਾ ਨਿਰਮਾਣ ਢੰਡੋਵਾਲ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਸ਼ਾਹਕੋਟ ਸ਼ਹਿਰੀ ਖੇਤਰ ਵਿਖੇ ਨਗਰ ਪੰਚਾਇਤ ਵੱਲੋਂ ਸੀਵਰੇਜ ਦੀਆਂ ਹੋਂਦੀਆਂ ਨੂੰ ਉੱਚਾ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਹੋਂਦੀਆ ਉੱਚੀਆਂ ਹੋਣ ਉਪਰੰਤ ਸ਼ਾਹਕੋਟ ਤੋਂ ਵੀ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਇਹ ਸੜਕ 18 ਫੁੱਟ ਚੌੜੀ ਅਤੇ 14.95 ਕਿਲੋਮੀਟਰ ਲੰਬੀ ਹੈ, ਜਿਸ 'ਤੇ ਸੜਕ ਦੇ ਨਿਰਮਾਣ ਅਤੇ 5 ਸਾਲ ਲਈ ਰੱਖ-ਰਖਾਅ (ਮੇਨਟੀਨੈਸ) ਸਮੇਤ ਲਗਭਗ ਸਾਢੇ 4 ਕਰੋੜ ਰੁਪਏ ਦੀ ਲਾਗਤ ਆਵੇਗੀ | ਇਸ ਕੰਮ ਦਾ ਠੇਕਾ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ ਅਤੇ 31 ਮਾਰਚ ਤੱਕ ਸੜਕ ਦਾ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ |