ਜਲੰਧਰ, 6 ਮਾਰਚ (ਸ਼ਿਵ)-ਸ਼ਹਿਰ ਦੇ ਮੁੱਖ ਖੇਤਰ ਬਸਤੀ ਸ਼ੇਖ ਨੂੰ ਜੋੜਨ ਵਾਲੀ ਮੁੱਖ ਸੜਕ ਇਨ੍ਹੀਂ ਦਿਨੀਂ ਆਪਣੀ ਦੁਰਦਸ਼ਾ ਦਾ ਰੋਣਾ ਰੋ ਰਹੀ ਹੈ | ਸੜਕ ਕਿਨਾਰੇ ਕੂੜੇ ਦੇ ਢੇਰ ਤੇ ਚਾਰੇ ਪਾਸੇ ਫੈਲੀ ਗੰਦਗੀ ਨੇ ਸਥਾਨਕ ਨਿਵਾਸੀਆਂ ਅਤੇ ਪੈਦਲ ਚੱਲਣ ਵਾਲਿਆਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ | ਸਥਿਤੀ ਅਜਿਹੀ ਹੈ ਕਿ ਲੋਕ ਹੁਣ ਇਸ ਸੜਕ ਤੋਂ ਲੰਘਣ ਦੀ ਬਜਾਏ ਲੰਮਾ ਚੱਕਰ ਲਗਾ ਕੇ ਜਾਣਾ ਬਿਹਤਰ ਸਮਝ ਰਹੇ ਹਨ | ਬਸਤੀ ਸ਼ੇਖ ਨੂੰ ਜਾਣ ਵਾਲੀ ਮੁੱਖ ਸੜਕ ਕੂੜੇ ਦੇ ਢੇਰਾਂ ਨਾਲ ਭਰੀ ਹੋਈ ਹੈ | ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਵਾਹਨ ਸਮੇਂ ਸਿਰ ਕੂੜਾ ਨਹੀਂ ਚੁੱਕ ਰਹੇ ਹਨ, ਜਿਸ ਕਾਰਨ ਸੜਕਾਂ ਕੂੜੇ ਨਾਲ ਭਰੀਆਂ ਪਈਆਂ ਹਨ | ਲਾਵਾਰਸ ਜਾਨਵਰ ਵੀ ਇਸ ਕੂੜੇ ਨੂੰ ਸਾਰੀ ਸੜਕ 'ਤੇ ਖਿਲਾਰ ਦਿੰਦੇ ਹਨ, ਜਿਸ ਨਾਲ ਦੁਪਹੀਆ ਵਾਹਨ ਸਵਾਰਾਂ ਨੂੰ ਫਿਸਲਣ ਦਾ ਖ਼ਤਰਾ ਹੁੰਦਾ ਹੈ | ਬਰਸਾਤ ਦੇ ਦਿਨਾਂ ਵਿਚ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ | ਲੋਕਾਂ ਨੇ ਨਗਰ ਨਿਗਮ ਤੋਂ ਇੱਥੇ ਸਮੱਸਿਆ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਹੈ |