ਜਲੰਧਰ, 6 ਮਾਰਚ (ਹਰਵਿੰਦਰ ਸਿੰਘ ਫੁੱਲ)-'ਅਮਰੀਕਾ-ਇਜ਼ਰਾਇਲ ਵਲੋਂ ਧੌਂਸਵਾਦੀ ਤੇ ਪਸਾਰਵਾਦੀ ਨੀਤੀ ਅਧੀਨ ਈਰਾਨ 'ਤੇ ਕੀਤਾ ਹਮਲਾ ਮਿਡਲ ਈਸਟ ਤੇ ਏਸ਼ੀਆਈ ਖ਼ਿੱਤੇ ਨੂੰ ਜੰਗ ਦੀ ਭੱਠੀ 'ਚ ਝੋਕ ਦੇਣ ਦੇ ਨਾਲ ਹੀ ਤੀਜਾ ਸੰਸਾਰ ਯੁੱਧ ਛਿੜਨ ਦਾ ਕਾਰਨ ਵੀ ਬਣ ਸਕਦਾ ਹੈ | ਇਹ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੀ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੀਤਾ | ਪਾਸਲਾ ਨੇ ਕਿਹਾ ਕਿ 'ਅਮਰੀਕਾ ਵਲੋਂ ਭਾਰਤ ਸਰਕਾਰ ਦੇ ਸੱਦੇ 'ਤੇ ਸਾਂਝੀਆਂ ਜੰਗੀ ਮਸ਼ਕਾਂ 'ਚ ਭਾਗ ਲੈਣ ਵਾਸਤੇ ਪਹੰੁਚੇ ਈਰਾਨੀ ਨੇਵੀ ਦੇ ਸਮੁੰਦਰੀ ਜਹਾਜ਼ 'ਤੇ ਹਮਲਾ ਕਰ ਕੇ ਉਸ ਨੂੰ ਹਿੰਦ ਮਹਾਂ ਸਾਗਰ 'ਚ ਤਬਾਹ ਕੀਤਾ ਗਿਆ ਹੈ ਤੇ 90 ਦੇ ਕਰੀਬ ਈਰਾਨ ਦੇ ਨੇਵੀ ਜਵਾਨਾਂ ਨੂੰ ਮਾਰ ਮੁਕਾਇਆ ਹੈ | ਇਹ ਸਿਰਫ਼ ਬਹੁਤ ਨਿੰਦਣਯੋਗ ਕਾਰਵਾਈ ਹੀ ਨਹੀਂ, ਬਲਕਿ ਸਾਮਰਾਜ ਹੱਥੋਂ ਭਾਰਤ ਦੀ ਏਕਤਾ, ਅਖੰਡਤਾ ਲਈ ਵੀ ਖ਼ਤਰਨਾਕ ਹੈ | ਅਫ਼ਸੋਸ ਹੈ ਕਿ ਅਮਰੀਕਾ ਸਾਹਮਣੇ ਪੂਰੀ ਤਰ੍ਹਾਂ ਸਮਰਪਣ ਕਰ ਕੇ ਮੋਦੀ ਸਰਕਾਰ ਨੇ ਇਸ ਘਿਣਾਉਣੀ ਕਾਰਵਾਈ ਦੀ ਨਿਖੇਧੀ ਤੱਕ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਪਾਰਟੀ ਆਜ਼ਾਦਾਨਾ ਤੌਰ 'ਤੇ ਅਤੇ ਅਮਨ ਪਸੰਦ ਧਿਰਾਂ ਨਾਲ ਮਿਲ ਕੇ ਦੇਸ਼ ਭਰ 'ਚ 'ਸਾਮਰਾਜ ਭਜਾਓ, ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ' ਦੀ ਜ਼ੋਰਦਾਰ ਮੁਹਿੰਮ ਵਿੱਢੇਗੀ | ਇਸ ਦੀ ਸ਼ੁਰੂਆਤ 23 ਮਾਰਚ ਨੂੰ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਰਾਜਸੀ ਕਾਨਫ਼ਰੰਸ ਨਾਲ ਕੀਤੀ ਜਾਵੇਗੀ ਤੇ 29 ਮਾਰਚ ਨੂੰ ਮਾਝੇ ਦੇ ਕਸਬੇ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਲੋਕ ਇਕੱਠ ਕੀਤਾ ਜਾਵੇਗਾ | ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾ ਰਾਏ ਨੇ ਵੀ ਵਿਚਾਰ ਰੱਖੇ | ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕੀਤੀ |