ਜਲੰਧਰ, 7 ਮਾਰਚ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਸੰਬੰਧੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਰਸਾਤ ਤੋਂ ਪਹਿਲਾਂ-ਪਹਿਲਾਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨਹਿਰਾਂ, ਡਰੇਨਾਂ ਦੀ ਸਾਫ-ਸਫਾਈ, ਗਾਰ ਕੱਢਣ ਤੇ ਨਹਿਰਾਂ ਦੇ ਨਾਜ਼ੁਕ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਕੰਮ ਨੂੰ ਤਰਜੀਹ ਦੇ ਆਧਾਰ 'ਤੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਕੀਤੀਆਂ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਧੁੰਸੀ ਬੰਨ੍ਹ ਦੇ ਨਾਲ ਲੱਗਦੇ ਸੰਵੇਦਨਸ਼ੀਲ ਤੇ ਨਾਜ਼ੁਕ ਇਲਾਕਿਆਂ ਦੀ ਪਛਾਣ ਕੀਤੀ ਜਾਵੇ, ਖਾਸ ਕਰ ਕੇ ਪਿਛਲੇ ਸਾਲ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਤਾਂ ਜੋ ਅਜਿਹੇ ਖੇਤਰਾਂ ਵਿਚ ਹੜ੍ਹਾਂ ਤੋਂ ਬਚਾਅ ਸੰਬੰਧੀ ਲੋੜੀਂਦੇ ਬੰਦੋਬਸਤ ਸਮਾਂ ਰਹਿੰਦੇ ਹੀ ਕੀਤੇ ਜਾ ਸਕਣ | ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਡਾ. ਅਗਰਵਾਲ ਨੇ ਪਹਿਲਾਂ ਤੋਂ ਪੁਖ਼ਤਾ ਪ੍ਰਬੰਧ ਮੁਕੰਮਲ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਇਸ ਮੌਕੇ ਨਾਜਾਇਜ਼ ਕਬਜ਼ੇ, ਜਿਨ੍ਹਾਂ ਕਰਕੇ ਦਰਿਆ ਦੇ ਵਹਾਅ ਵਿਚ ਰੁਕਾਵਟ ਪੈ ਸਕਦੀ ਹੈ, ਨੂੰ ਹਟਾਉਣ ਦੀਆਂ ਸਖ਼ਤ ਹਦਾਇਤਾਂ ਵੀ ਕੀਤੀਆਂ | ਇਸ ਤੋਂ ਇਲਾਵਾ ਦਰਿਆ ਦੇ ਕਿਨਾਰਿਆਂ ਦੇ ਨਾਲ-ਨਾਲ ਬਾਂਸ ਤੇ ਸਫੈਦੇ ਦੇ ਰੁਖ ਲਗਾਉਣ ਲਈ ਵੀ ਕਿਹਾ | ਡਿਪਟੀ ਕਮਿਸ਼ਨਰ ਨੇ ਵੇਈਾ ਦੀ ਸਫਾਈ ਤੇ ਸੰਵੇਦਨਸ਼ੀਲ ਕਿਨਾਰਿਆਂ ਦੀ ਮਜ਼ਬੂਤੀ 'ਤੇ ਵੀ ਜ਼ੋਰ ਦਿੱਤਾ | ਬਰਸਾਤ ਦੌਰਾਨ ਸ਼ਹਿਰ ਵਿਚ ਪਾਣੀ ਜਮ੍ਹਾ ਹੋਣ ਦੀ ਸਥਿਤੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤ ਦੌਰਾਨ ਕਿਸੇ ਵੀ ਇਲਾਕੇ ਵਿਚ ਪਾਣੀ ਰੁਕਣਾ ਨਹੀਂ ਚਾਹੀਦਾ, ਜਿਸ ਦੇ ਲਈ ਸੀਵਰੇਜ ਦੀ ਸਫਾਈ, ਐਸ. ਟੀ. ਪੀਜ਼. ਦੇ ਢੁੱਕਵੇਂ ਸੰਚਾਲਨ, ਲੋੜੀਂਦੀ ਮਸ਼ੀਨਰੀ ਸਮੇਤ ਹੋਰ ਜ਼ਰੂਰੀ ਇੰਤਜ਼ਾਮ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ | ਬਰਸਾਤ ਦੇ ਪਾਣੀ ਦੀ ਸੰਭਾਲ ਲਈ ਡਿਪਟੀ ਕਮਿਸ਼ਨਰ ਨੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ 'ਤੇ ਜ਼ੋਰ ਦਿੱਤਾ | ਉਨ੍ਹਾਂ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ | ਇਸ ਤੋਂ ਇਲਾਵਾ ਡਾ. ਅਗਰਵਾਲ ਨੇ ਫਲੱਡ ਲਾਈਟਾਂ, ਸਰਚ ਲਾਈਟਾਂ, ਲਾਈਫ਼ ਜੈਕਟਾਂ, ਵਾਇਰਲੈੱਸ ਸੈਟ, ਰੱਸੇ, ਕਿਸ਼ਤੀਆਂ, ਰੇਤ ਦੀਆਂ ਬੋਰੀਆਂ, ਕਿਸ਼ਤੀਚਾਲਕਾਂ ਤੇ ਗੋਤਾਖੋਰਾਂ ਦੀ ਸੂਚੀ, ਸਪਰੇਅ, ਫੋਗਿੰਗ ਮਸ਼ੀਨਾਂ ਸਮੇਤ ਹੋਰ ਜ਼ਰੂਰੀ ਸਾਮਾਨ ਦੇ ਪ੍ਰਬੰਧ ਅਗੇਤੇ ਤੌਰ 'ਤੇ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ | ਉਨ੍ਹਾਂ ਅਧਿਕਾਰੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਉੱਚੇ ਸਥਾਨਾਂ ਦੀ ਸ਼ਨਾਖਤ ਕਰਨ ਲਈ ਵੀ ਕਿਹਾ, ਤਾਂ ਜੋ ਜੇਕਰ ਹੜ੍ਹਾਂ ਵਰਗੇ ਹਾਲਾਤ ਪੈਦਾ ਹੁੰਦੇ ਹਨ ਤਾਂ ਲੋਕਾਂ ਨੂੰ ਉਥੇ ਰਾਹਤ ਕੈਂਪਾਂ ਵਿਚ ਸੁਰੱਖਿਅਤ ਪਹੁੰਚਾਇਆ ਜਾ ਸਕੇ | ਮੀਟਿੰਗ ਵਿਚ ਸਹਾਇਕ ਕਮਿਸ਼ਨਰ (ਯੂ. ਟੀ.) ਮੁਕਿਲਨ ਆਰ, ਐਸ. ਡੀ. ਐਮ. ਸ਼ਾਇਰੀ ਮਲਹੋਤਰਾ ਤੇ ਨਵਦੀਪ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |