ਚੁਗਿੱਟੀ/ਜੰਡੂਸਿੰਘਾ, 10 ਮਾਰਚ (ਨਰਿੰਦਰ ਲਾਗੂ)-ਪੰਜਾਬ ਸਰਕਾਰ ਵਲੋਂ ਚਾਰ ਵਰ੍ਹੇ ਬੀਤ ਜਾਣ ਦੇ ਬਾਅਦ ਸੂਬੇ ਦੀਆਂ ਔਰਤਾਂ ਲਈ 1000 ਤੇ ਐਸ. ਸੀ. ਔਰਤਾਂ ਲਈ 1500 ਰੁਪਏ ਦੇਣ ਦਾ ਨਵਾਂ ਕੀਤਾ ਐਲਾਨ ਉਕਤ ਦੋਹਾਂ ਧਿਰਾਂ ਦੀਆਂ ਔਰਤਾਂ ਵਿਚ ਪਾੜਾ ਪਾਉਣ ਵਾਲਾ ਹੈ | ਜੇ ਸਹਾਇਤਾ ਕਰਨੀ ਹੈ ਤਾਂ ਲੋੜਵੰਦ ਔਰਤਾਂ ਨੂੰ ਨੌਕਰੀਆਂ ਦਿਓ ਐਵੇਂ ਪੈਸੇ ਦੇਣ ਦੇ ਲਾਅਰੇ ਕਿਉਂ ਲਗਾਏ ਜਾ ਰਹੇ ਹਨ | ਇਹ ਪ੍ਰਗਟਾਵਾ ਗੱਲਬਾਤ ਕਰਦਿਆਂ ਪੰਚਾਇਤ ਯੂਨੀਅਨ ਜਲੰਧਰ ਦੇ ਪ੍ਰਧਾਨ ਤੇ ਬਸਪਾ ਪੰਜਾਬ ਦੇ ਸੀਨੀਅਰ ਆਗੂ ਰਾਮ ਸਿੰਘ ਬੋਲੀਨਾ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਮਾਨ ਸਰਕਾਰ ਵਲੋਂ ਸਾਡੀਆਂ ਭੈਣਾਂ ਨੂੰ ਭਰਮਾਉਣ ਲਈ ਮੁੱਖ ਮੰਤਰੀ ਵਲੋਂ ਇਹ ਚਾਲ ਚੱਲੀ ਗਈ ਹੈ | ਉਨ੍ਹਾਂ ਕਿਹਾ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਪੂਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ |