ਜਲੰਧਰ, 11 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਬੀਤੇ ਮਹੀਨੇ ਪੀ.ਪੀ.ਆਰ ਮਾਲ ਦੇ ਨੇੜੇ ਰੀਅਲ ਅਸਟੇਟ ਦੇ ਇਕ ਦਫ਼ਤਰ 'ਚ ਸਰਵੇਖਣ ਲਈ ਗਈ ਸੀ.ਜੀ.ਐੱਸ.ਟੀ ਦੀ ਟੀਮ ਨੂੰ ਬੰਧਕ ਬਣਾਉਣ ਦੇ ਮਾਮਲੇ 'ਚ ਪ੍ਰਾਪਰਟੀ ਕਾਰੋਬਾਰੀ ਮੇਜਰ ਸਿੰਘ ਸਮੇਤ ਨਾਮਜ਼ਦ ਕੀਤੇ ਗਏ ਇੰਦਰਜੋਤ ਸਿੰਘ ਭੰਡਾਰੀ, ਪ੍ਰਭਜੋਤ ਸਿੰਘ ਭੰਡਾਰੀ ਅਤੇ ਤਰੁਨ ਸ਼ਰਮਾ ਵੱਲੋਂ ਲਗਾਈ ਗਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਅੰਤਰਿਮ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਕੇ ਜਾਂਚ 'ਚ ਸ਼ਾਮਿਲ ਹੋਣ ਲਈ ਕਿਹਾ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਤਰੁਨ ਸ਼ਰਮਾ ਦੇ ਵਕੀਲ ਅਨੂਪ ਗੌਤਮ ਨੇ ਦੱਸਿਆ ਕਿ ਉਨ੍ਹਾਂ ਦੇ ਮੁਅੱਕਲ ਦੇ ਖ਼ਿਲਾਫ਼ ਥਾਣਾ-7 ਵਿਖੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਅਦਾਲਤ ਨੇ ਲਗਾਈ ਗਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਅੰਤਰਿਮ ਰਾਹਤ ਦਿੱਤੀ ਹੈ ਤੇ ਇਨ੍ਹਾਂ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ ਤੇ ਅਗਲੀ ਸੁਣਵਾਈ ਲਈ 23 ਮਾਰਚ ਦੀ ਤਰੀਕ ਦਿੱਤੀ ਹੈ |