ਅਮਲੇ 'ਤੇ 312 ਕਰੋੜ ਤੇ ਵਿਕਾਸ ਦੇ ਕੰਮਾਂ 'ਤੇ 200 ਕਰੋੜ ਖਰਚ ਕਰੇਗੀ ਨਿਗਮ
ਅਜੀਤ ਡੈਸਕ
28-03-2026
ਜਲੰਧਰ, 27 ਮਾਰਚ-ਨਗਰ ਨਿਗਮ ਦਾ ਹਰ ਸਾਲ ਹੁਣ ਅਮਲੇ 'ਤੇ ਖਰਚਾ ਤਾਂ ਲਗਾਤਾਰ ਵਧਦਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਸ਼ਹਿਰ 'ਚ ਵਿਕਾਸ ਦੇ ਕੰਮ ਕਰਵਾਉਣ ਲਈ ਫ਼ੰਡ ਘਟਦਾ ਜਾ ਰਿਹਾ ਹੈ | ਇਸ ਬਾਰ ਵੀ ਨਿਗਮ ਦਾ ਖਰਚਾ ਵਿਕਾਸ ਦੇ ਕੰਮਾਂ ਨਾਲੋਂ ਅਮਲੇ 'ਤੇ ਜ਼ਿਆਦਾ ਖਰਚਾ ਕੀਤਾ ਜਾਣਾ ਹੈ | ਨਗਰ ਨਿਗਮ ਪ੍ਰਸ਼ਾਸਨ ਨੇ ਵਿੱਤੀ ਵਰੇ੍ਹ 2026-27 ਲਈ ਨਿਗਮ ਦਾ 569 ਕਰੋੜ ਦਾ ਬਜਟ ਪਾਸ ਕਰਵਾਉਣ ਲਈ 30 ਮਾਰਚ ਨੂੰ ਸਵੇਰੇ 11 ਵਜੇ ਰੈੱਡਕਰਾਸ ਭਵਨ ਵਿਚ ਮੀਟਿੰਗ ਰੱਖੀ ਗਈ ਹੈ ਤੇ ਬਜਟ ਦਾ ਅੱਜ ਏਜੰਡਾ ਜਾਰੀ ਕੀਤਾ ਗਿਆ ਹੈ | ਪਿਛਲੇ ਵਿੱਤੀ ਵਰੇ੍ਹ ਦਾ ਬਜਟ 495 ਕਰੋੜ ਦਾ ਸੀ ਜਦਕਿ ਇਸ ਬਾਰ ਵਧਾ ਕੇ 569 ਕਰੋੜ ਕੀਤਾ ਗਿਆ ਹੈ | ਨਿਗਮ ਨੂੰ 31 ਮਾਰਚ 2026 ਤੱਕ 474 ਕਰੋੜ ਦੀ ਆਮਦਨੀ ਹੋਣ ਦੀ ਸੰਭਾਵਨਾ ਹੈ | 569 ਕਰੋੜ ਦੇ ਬਜਟ 'ਚ ਅਮਲੇ ਜਿਨ੍ਹਾਂ 'ਚ ਪੈਨਸ਼ਨਾਂ, ਕਰਮਚਾਰੀਆਂ ਦੀ ਤਨਖ਼ਾਹਾਂ 'ਤੇ 312 ਤੇ ਵਿਕਾਸ ਦੇ ਕੰਮਾਂ 'ਤੇ ਨਿਗਮ 200 ਕਰੋੜ ਰੁਪਏ ਖ਼ਰਚ ਕਰੇਗੀ ਹੋਰ ਖ਼ਰਚਿਆਂ ਲਈ 50 ਕਰੋੜ ਰੁਪਏ ਰੱਖੇ ਗਏ ਹਨ | ਬਜਟ 'ਚ ਨਿਗਮ ਵਲੋਂ ਜਿਹੜੇ ਖ਼ਰਚੇ ਦਿਖਾਏ ਗਏ ਹਨ | ਉਨ੍ਹਾਂ 'ਚ ਬਾਗ਼ਬਾਨੀ ਵਿਭਾਗ ਲਈ 8 ਕਰੋੜ, ਸੁਲੱਭ ਸ਼ੋਚਾਲਿਆ ਲਈ 2 ਕਰੋੜ, ਵਰਿਆਣਾ ਡੰਪ ਤੇ ਹੋਰ ਸਾਈਟਾਂ ਦੀ ਜ਼ਮੀਨ ਦੀ ਖ਼ਰੀਦ ਲਈ 15 ਕਰੋੜ, ਕੂੜਾ ਪ੍ਰਬੰਧਨ ਬਾਰੇ ਪ੍ਰਾਜੈਕਟ, ਬਾਈਓਮਾਈਨਿੰਗ ਕਰਨ ਲਈ 30 ਕਰੋੜ, ਡੈਅਰੀ ਕੰਪਲੈਕਸ ਦੀਆਂ ਸੜਕਾਂ ਲਈ 2 ਕਰੋੜ, ਗੱਡੀਆਂ ਦੀ ਸੰਭਾਲ ਲਈ 5 ਕਰੋੜ, ਸਾਫ਼ ਸਫ਼ਾਈ ਤੇ ਹੈਲਥ ਵਿਭਾਗ ਲਈ 8 ਕਰੋੜ, ਸੁਪਰ ਸੰਕਸ਼ਨ ਮਸ਼ੀਨ ਨਾਲ ਸੀਵਰ ਸਫ਼ਾਈ, ਸੀਵਰੇਜ ਪੰਪਿੰਗ ਸਟੇਸ਼ਨ ਲਈ 30 ਕਰੋੜ, ਬਿਜਲੀ ਬਿੱਲਾਂ 'ਤੇ 30 ਕਰੋੜ ਦਾ ਖਰਚਾ ਸ਼ਾਮਿਲ ਹੈ | ਨਗਰ ਨਿਗਮ ਦੇ ਜਾਰੀ ਏਜੰਡੇ 'ਚ ਇਸ ਬਾਰੇ ਨਿਗਮ ਨੂੰ ਬਿਲਡਿੰਗ ਬਰਾਂਚ ਨੂੰ ਵਸੂਲੀ ਵਧਾਉਣ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ | ਵਿਭਾਗ ਨੂੰ ਇਹ ਵਸੂਲੀ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਨੂੰ ਰੋਕ ਕੇ ਪੂਰੀ ਕਰਨੀ ਹੋਵੇਗੀ | ਰਾਜ਼ੀਨਾਮਾ, ਸੀ. ਐਲ. ਯੂ. ਬਿਲਡਿੰਗ ਅਰਜ਼ੀਆਂ ਦੀ ਫ਼ੀਸ, ਡਿਵੈਲਪਮੈਂਟ ਚਾਰਜ ਤੇ ਰੈਗੂਲਰਾਈਜੇਸ਼ਨ ਫੀਸ ਵਜੋਂ ਬਿਲਡਿੰਗ ਵਿਭਾਗ ਨੂੰ 100 ਕਰੋੜ ਰੁਪਏ ਵਸੂਲੀ ਕਰਨ ਦਾ ਟੀਚਾ ਦਿੱਤਾ ਗਿਆ ਹੈ | ਉਂਜ ਮੌਜੂਦਾ ਵਿੱਤੀ ਵਰੇ੍ਹ 'ਚ ਬਿਲਡਿੰਗ ਵਿਭਾਗ ਆਪਣਾ ਟੀਚਾ ਪੂਰਾ ਕਰਨ ਦੇ ਨੇੜੇ ਰਿਹਾ ਹੈ | ਉਸ ਦਾ ਟੀਚਾ 64.40 ਕਰੋੜ ਦਾ ਰਿਹਾ ਹੈ ਜਦਕਿ ਪ੍ਰਾਪਰਟੀ ਟੈਕਸ ਦਾ ਟੀਚਾ ਇਸ ਸਾਲ 80 ਕਰੋੜ ਰੁਪਏ ਰੱਖਿਆ ਗਿਆ ਹੈ ਜਦਕਿ ਪਿਛਲੇ ਸਾਲ ਇਸ 'ਚ 30 ਕਰੋੜ ਦਾ ਵਾਧਾ ਕੀਤਾ ਗਿਆ ਸੀ | ਨਗਰ ਨਿਗਮ ਨੇ 7 ਸਾਲ ਬਾਅਦ ਇਸ਼ਤਿਹਾਰੀ ਬੋਰਡਾਂ ਦਾ ਠੇਕਾ ਅਲਾਟ ਕੀਤਾ ਹੈ ਤੇ ਵਿੱਤੀ ਵਰੇ੍ਹ 'ਚ 14 ਕਰੋੜ ਦੀ ਵਸੂਲੀ ਦਾ ਟੀਚਾ ਦਿੱਤਾ ਗਿਆ ਹੈ | ਹੈਲਥ ਵਿਭਾਗ ਤੋਂ ਵੀ 15 ਕਰੋੜ ਦੀ ਆਮਦਨ ਤੇ ਐਕਸਾਈਜ਼ ਡਿਊਟੀ ਤੋਂ 8 ਕਰੋੜ ਤੇ ਬਿਜਲੀ ਦੇ ਉੱਪਰ ਚੁੰਗੀ ਤੋਂ 1 ਕਰੋੜ ਰੁਪਏ ਮਿਲਣ ਦੀ ਆਸ ਹੈ | ਪਿਛਲੇ ਸਾਲ ਦੇ ਮੁਕਾਬਲੇ ਵਾਟਰ ਸਪਲਾਈ ਦੀ ਆਮਦਨ ਦੇ ਮੁਕਾਬਲੇ 1 ਕਰੋੜ ਦਾ ਵਾਧਾ ਕਰਦੇ ਹੋਏ ਇਸ ਬਾਰ ਦਾ ਟੀਚਾ 25 ਕਰੋੜ ਕੀਤਾ ਗਿਆ ਹੈ | ਨਗਰ ਨਿਗਮ ਨੂੰ ਜੀ. ਐੱਸ. ਟੀ. ਦੇ ਹਿੱਸੇ ਵਜੋਂ ਸਰਕਾਰ ਤੋਂ ਕਰੀਬ 310 ਕਰੋੜ ਦੀ ਰਕਮ ਮਿਲਣ ਦੀ ਸੰਭਾਵਨਾ ਹੈ |