ਜਲੰਧਰ, 1 ਅਪ੍ਰੈਲ (ਸ਼ਿਵ)-ਨਗਰ ਨਿਗਮ ਮੁੱਖ ਦਫਤਰ 'ਚ ਅੱਜ ਰੇਹੜੀ ਫੜੀ ਵਾਲਿਆਂ ਨੇ ਰੋਸ ਪ੍ਰਦਰਸ਼ਨ ਕੀਤਾ | ਫੋਕਲ ਪੁਆਇੰਟ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਪ੍ਰਤਾਪ ਨਰਾਇਣ ਯਾਦਵ ਨੇ ਦੱਸਿਆ ਕਿ ਸੋਮਵਾਰ ਨੂੰ ਨਗਰ ਨਿਗਮ ਦੇ ਕੁੱਝ ਮੁਲਾਜ਼ਮ ਫੋਕਲ ਪੁਆਇੰਟ ਸਬਜ਼ੀ ਮੰਡੀ 'ਚ ਆਏ ਸੀ ਕਿ ਉਹ ਇਸ ਥਾਂ 'ਤੇ ਰੇਹੜੀਆਂ ਲਗਾਉਣ ਦਾ ਕੰਮ ਬੰਦ ਕਰ ਦੇਣਗੇ ਕਿਉਂਕਿ ਇਸ ਜਗ੍ਹਾ 'ਤੇ ਨਹਿਰੀ ਪਾਣੀ ਪ੍ਰਾਜੈਕਟ ਦਾ ਕੰਮ ਹੋ ਰਿਹਾ ਹੈ | ਪ੍ਰਤਾਪ ਨਰਾਇਣ ਨੇ ਕਿਹਾ ਕਿ ਇੱਥੇ ਛੱਠ ਪੂਜਾ ਹੁੰਦੀ ਹੈ | ਤਲਾਬ ਬਣਿਆ ਹੋਇਆ ਹੈ | ਰੇਹੜੀ, ਫੜ੍ਹੀ ਵਾਲਿਆਂ ਨੂੰ ਇਸ ਜਗ੍ਹਾ 'ਤੇ 15 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ | ਉਹ ਇੱਥੇ ਹੀ ਛੱਠ ਪੂਜਾ ਮਨਾਉਂਦੇ ਹਨ | ਯੂਨੀਅਨ ਆਗੂਆਂ ਨੇ ਬਾਅਦ 'ਚ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਦਾ ਹੱਲ ਜ਼ਰੂਰ ਕਰਨਗੇ | ਇਸ ਇਲਾਕੇ ਦੇ ਜੋਨ ਦੇ ਐੱਸ.ਡੀ.ਓ. ਤਰਨਪ੍ਰੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ ਕਿ ਇਨ੍ਹਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ, ਜਿਹੜਾ ਪ੍ਰਾਜੈਕਟ ਚੱਲ ਰਿਹਾ ਹੈ, ਉਸ ਨਾਲ ਵੀ ਇਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਨਾ ਹੋਵੇ |