ਜਲੰਧਰ, 3 ਅਪ੍ਰੈਲ (ਸ਼ਿਵ)-ਕਈ ਮਹੀਨੇ ਪਹਿਲਾਂ ਭਗਵਾਨ ਵਾਲਮੀਕਿ ਚੌਕ ਦੇ ਕੋਲ ਰੰਗਲਾ ਵਿਹੜਾ ਦੀ ਪਾਰਕਿੰਗ ਦਾ ਠੇਕਾ ਕਾਫੀ ਸਮਾਂ ਪਹਿਲਾਂ ਖ਼ਤਮ ਹੋ ਗਿਆ ਸੀ ਪਰ ਕੁਝ ਲੋਕਾਂ ਵਲੋਂ ਰੰਗਲਾ ਵਿਹੜਾ ਦੇ ਕੋਲ ਗੱਡੀਆਂ ਖੜ੍ਹੀਆਂ ਕਰਵਾ ਕੇ ਪਰਚੀਆਂ ਰਾਹੀਂ ਵਸੂਲੀ ਕਰਨ ਦੇ ਮਾਮਲੇ 'ਚ ਨਿਗਮ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ | ਇਸ ਬਾਰੇ ਜਾਣਕਾਰੀ ਮਿਲਣ 'ਤੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਵਲੋਂ ਜਦੋਂ ਅਚਾਨਕ ਛਾਪੇਮਾਰੀ ਕੀਤੀ ਤਾਂ ਇਸ ਮਾਮਲੇ ਦਾ ਖ਼ੁਲਾਸਾ ਹੋਇਆ | ਇਸ ਮਾਮਲੇ ਦੇ ਖ਼ੁਲਾਸਾ ਹੋਣ ਤੋਂ ਬਾਅਦ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਨੇ ਉਕਤ ਵਿਅਕਤੀ ਵਲੋਂ ਨਾਜਾਇਜ਼ ਵਸੂਲੀ ਕਰਨ 'ਤੇ ਪੁਲਿਸ ਨੂੰ ਚਿੱਠੀ ਲਿਖ ਕੇ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ | ਨਗਰ ਨਿਗਮ ਵਲੋਂ ਇਸ ਪਾਰਕਿੰਗ ਸਾਈਟ ਤੋਂ ਇਲਾਵਾ ਸ਼ਹਿਰ 'ਚ 25 ਦੇ ਕਰੀਬ ਪਾਰਕਿੰਗਾਂ ਹਨ ਜਿਹੜੀਆਂ ਕਿ ਅਜੇ ਤੱਕ ਠੇਕੇ 'ਤੇ ਨਹੀਂ ਚੜ੍ਹ ਸਕੀਆਂ ਹਨ | ਨਗਰ ਨਿਗਮ ਦੀਆਂ ਜਿੱਥੇ ਪਾਰਕਿੰਗਾਂ ਠੇਕੇ 'ਤੇ ਨਹੀਂ ਚੜ੍ਹ ਰਹੀਆਂ ਹਨ ਤੇ ਉਥੇ ਨਿੱਜੀ ਕਈ ਪਾਰਕਿੰਗ ਵਾਲਿਆਂ ਨੂੰ ਕਾਫੀ ਮੁਨਾਫ਼ਾ ਹੋ ਰਿਹਾ ਹੈ | ਨਗਰ ਨਿਗਮ ਵਲੋਂ ਸ਼ਹਿਰ ਦੀਆਂ 25 ਪਾਰਕਿੰਗਾਂ ਨੂੰ ਠੇਕੇ 'ਤੇ ਦੇਣ ਲਈ ਤੀਜੀ ਬਾਰ ਟੈਂਡਰ ਲਗਾਇਆ ਜਾਣਾ ਹੈ ਕਿਉਂਕਿ ਜਦੋਂ 25 ਪਾਰਕਿੰਗ ਸਾਈਟਾਂ ਦਾ ਟੈਂਡਰ ਲਗਾਇਆ ਗਿਆ ਸੀ ਤਾਂ ਉਸ 'ਚ ਕੁੱਝ ਖ਼ਾਸ ਲੋਕਾਂ ਵਲੋਂ ਕੰਮ ਲੈਣ ਦੀ ਚਰਚਾ ਹੋਣ ਤੋਂ ਬਾਅਦ ਇਹ ਟੈਂਡਰ ਰੱਦ ਕਰ ਦਿੱਤਾ ਗਿਆ ਸੀ ਤਾਂ ਕੁੱਝ ਦਿਨ ਪਹਿਲਾਂ ਦੂਜੀ ਬਾਰ 25 ਪਾਰਕਿੰਗ ਸਾਈਟਾਂ ਦਾ ਟੈਂਡਰ ਦਿੱਤਾ ਗਿਆ ਸੀ ਪਰ ਉਸ 'ਚ ਲੋੜੀਂਦੀਆਂ 3 ਕੰਪਨੀਆਂ ਨਹੀਂ ਆਈਆਂ ਸੀ ਟੈਂਡਰ ਪ੍ਰਕਿਰਿਆ ਵਿਚ ਸਿਰਫ਼ ਇਕ ਕੰਪਨੀ ਹੀ ਸ਼ਾਮਿਲ ਹੋਈ ਸੀ | ਹੁਣ ਨਿਗਮ ਪ੍ਰਸ਼ਾਸਨ ਵਲੋਂ ਪਾਰਕਿੰਗਾਂ ਦਾ ਟੈਂਡਰ ਤੀਜੀ ਬਾਰ ਲਗਾਇਆ ਜਾ ਰਿਹਾ ਹੈ | ਨਗਰ ਨਿਗਮ ਦੀ ਸਭ ਤੋਂ ਜ਼ਿਆਦਾ ਕਮਾਈ ਦੇਣ ਵਾਲੀਆਂ ਪਾਰਕਿੰਗਾਂ 'ਚੋਂ ਕੰਪਨੀ ਬਾਗ਼ ਚੌਕ ਦੇ ਕੋਲ ਤੇ ਨਿਗਮ ਦਫਤਰ ਬਾਹਰ ਵਾਲੀ ਪਾਰਕਿੰਗ ਤੋਂ ਇਲਾਵਾ ਭਗਵਾਨ ਵਾਲਮੀਕਿ ਚੌਕ ਦੇ ਕੋਲ ਰੰਗਲਾ ਵਿਹੜਾ ਦੀ ਪਾਰਕਿੰਗ ਸ਼ਾਮਿਲ ਹੈ, ਜਿਸ ਤੋਂ ਨਿਗਮ ਨੂੰ ਹਰ ਸਾਲ ਲੱਖਾਂ ਰੁਪਏ ਦੀ ਪਾਰਕਿੰਗ ਫ਼ੀਸ ਵਸੂਲੀ ਆਉਂਦੀ ਰਹੀ ਹੈ | ਨਗਰ ਨਿਗਮ ਦੀਆਂ ਇਹ ਪਾਰਕਿੰਗ ਦੀਆਂ ਸਾਈਟਾਂ ਕਈ ਸਾਲਾਂ ਤੋਂ ਠੇਕੇ 'ਤੇ ਨਹੀਂ ਚੜ੍ਹ ਰਹੀਆਂ ਹਨ ਤਾਂ ਇਸ ਦਾ ਇਕ ਕਾਰਨ ਤਾਂ ਪਾਰਕਿੰਗ ਦੀਆਂ ਰਾਖਵੀਂਆਂ ਫ਼ੀਸਾਂ ਜ਼ਿਆਦਾ ਦੱਸੀਆਂ ਜਾਂਦੀਆਂ ਰਹੀਆਂ ਹਨ | ਇਨ੍ਹਾਂ ਪਾਰਕਿੰਗਾਂ ਨੂੰ ਠੇਕੇ 'ਤੇ ਚੜ੍ਹਾਉਣ ਲਈ ਪਾਰਕਿੰਗਾਂ ਫ਼ੀਸ ਘਟਾਈਆਂ ਜਾਣ ਦੀ ਵੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸ਼ਹਿਰ ਦੀਆਂ ਪਾਰਕਿੰਗ ਸਾਈਟਾਂ ਜਿਨ੍ਹਾਂ ਨੂੰ ਠੇਕੇ 'ਤੇ ਦਿੱਤਾ ਜਾਣਾ ਹੈ, ਉਨ੍ਹਾਂ 'ਚ ਅਪੈਕਸ ਟਾਵਰ ਦੇ ਸਾਹਮਣੇ, ਸ਼ਕਤੀ ਟਾਵਰ ਦੇ ਸਾਹਮਣੇ, ਮੂਨ ਲਾਈਟ ਪੱਬ ਦੇ ਸਾਹਮਣੇ, ਜੀ. ਟੀ. ਰੋਡ ਆਈ. ਸੀ. ਆਈ, ਸੀ. ਆਈ. ਬੈਂਕ ਦੇ ਸਾਹਮਣੇ, ਬੱਸ ਸਟੈਂਡ ਦੇ ਕੋਲ, ਗਲਾਸੀ ਜੰਕਸ਼ਨ ਦੇ ਸਾਹਮਣੇ, ਪੁਰਾਣੇ ਨਰਿੰਦਰ ਸਿਨੇਮਾ ਦੇ ਸਾਹਮਣੇ ਵਾਲੀ ਥਾਂ, ਹੋਟਲ ਪੈ੍ਰਜ਼ੀਡੈਂਟ ਦੇ ਕੋਲ, ਕਮਲ ਪੈਲੇਸ ਦੇ ਬਾਹਰ, ਹੋਟਲ ਰੈਡੀਸਨ ਦੇ ਕੋਲ 2 ਥਾਵਾਂ, ਕਿੰਗ ਹੋਟਲ ਦੇ ਸਾਹਮਣੇ, ਬੀ. ਐਮ. ਸੀ. ਚੌਕ ਦੇ ਕੋਲ ਸਤਨਾਮ ਮੋਟਰ ਦੇ ਸਾਹਮਣੇ, ਲਿਓ ਹੋਟਲ ਦੇ ਸਾਹਮਣੇ, ਮਾਡਲ ਟਾਊਨ ਸਰਕਾਰੀ ਸਕੂਲ ਦੇ ਕੋਲ, ਸਰਕਟ ਹਾਊਸ ਦੇ ਸਾਹਮਣੇ ਬੈਂਕ ਬਾਹਰ ਸਾਈਟ ਸ਼ਾਮਿਲ ਹੈ |