ਜਲੰਧਰ, 3 ਅਪ੍ਰੈਲ (ਐੱਮ. ਐੱਸ. ਲੋਹੀਆ)-ਐਮਰਜੈਂਸੀ ਰਿਸਪੌਂਸ ਸਿਸਟਮ, ਡਾਇਲ 112 ਦੇ ਸਮੂਹ 'ਚ ਵਾਧਾ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਇਸ 'ਚ 16 ਨਵੀਆਂ ਗੱਡੀਆਂ ਹੋਰ ਜੋੜੀਆਂ ਹਨ, ਜਿਨ੍ਹਾਂ ਨੂੰ ਅੱਜ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਡੀ. ਸੀ. ਪੀ. (ਸਥਾਨਕ) ਪਰਮਿੰਦਰ ਸਿੰਘ ਹੀਰ, ਏ. ਡੀ. ਸੀ. ਪੀ. (ਜਾਂਚ) ਜੇਅੰਤ ਪੁਰੀ ਤੇ ਏ. ਸੀ. ਪੀ. (ਸਥਾਨਕ) ਮਨਮੋਹਨ ਸਿੰਘ ਵੀ ਮੌਜੂਦ ਸਨ | ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ 16 ਨਵੀਆਂ ਗੱਡੀਆਂ ਨਾਗਰਿਕਾਂ ਦੀ ਸੇਵਾ ਹਿੱਤ ਸ਼ਹਿਰ 'ਚ ਰਵਾਨਾ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਆਂ ਗੱਡੀਆਂ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ (ਈ. ਆਰ. ਐੱਸ.), ਡਾਇਲ-112 ਹੈੱਲਪਲਾਈਨ 'ਚ ਸ਼ਾਮਿਲ ਕਰਕੇ ਪੁਲਿਸ ਵਿਭਾਗ ਨੂੰ ਹੋਰ ਬਿਹਤਰ ਅਤੇ ਐਡਵਾਂਸ ਫੋਰਸ ਬਣਾਉਣ ਵੱਲ ਇਹ ਇਕ ਹੋਰ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਇਹ ਗੱਡੀਆਂ ਪੰਜਾਬ ਪੁਲਿਸ ਵਿਭਾਗ ਦੇ ਐਮਰਜੈਂਸੀ ਰਿਸਪਾਂਸ ਸਿਸਟਮ ਦੀ ਸਮਰੱਥਾ ਨੂੰ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਹਨ, ਇਹ ਸ਼ਹਿਰ ਦੇ ਖੇਤਰ 'ਚ ਮੁਸੀਬਤ ਦੌਰਾਨ ਨਾਗਰਿਕਾਂ ਤੱਕ ਸਮੇਂ ਸਿਰ ਪਹੁੰਚ ਕੇ ਸਹਾਇਤਾ ਮੁਹੱਈਆ ਕਰਨਗੀਆਂ | ਇਨ੍ਹਾਂ ਗੱਡੀਆਂ ਨੂੰ ਸ਼ਹਿਰ ਦੇ ਜ਼ੋਨ-1 ਤੇ ਜ਼ੋਨ-2 ਖੇਤਰਾਂ ਮੁਤਾਬਿਕ ਥਾਣਿਆਂ 'ਚ ਨਿਯੁਕਤ ਕੀਤਾ ਤੇ ਇਨ੍ਹਾਂ ਹਰੇਕ ਨੂੰ ਆਪਣੀ-ਆਪਣੀ ਬੀਟ ਮੁਤਾਬਿਕ ਖੇਤਰ ਤੇ ਹਾਲਟਿੰਗ ਪੁਆਂਇੰਟ ਦਿੱਤਾ ਗਿਆ ਹੈ | ਇਨ੍ਹਾਂ ਹਰੇਕ ਗੱਡੀਆਂ 'ਤੇ 4-4 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਇਹ ਦਿਨ ਅਤੇ ਰਾਤ ਦੇ ਸਮੇਂ ਸ਼ਿਫਟਾਂ 'ਚ ਨਿਯੁਕਤ ਕੀਤੀ ਬੀਟ ਦੇ ਖੇਤਰਾਂ 'ਚ ਡਿਊਟੀ (ਐਮਰਜੈਂਸੀ ਕਾਲਾਂ/ਪੈਟਰੋਲਿੰਗ/ਚੈਕਿੰਗ) ਕਰਨਗੇ | ਇਹ ਗੱਡੀਆਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਐਮਰਜੈਂਸੀ ਰਿਸਪਾਂਸ ਸਿਸਟਮ (ਈ. ਆਰ. ਐੱਸ.), ਡਾਇਲ-112 ਪੁਲਿਸ ਹੈੱਲਪਲਾਈਨ ਨੰਬਰਾਂ 'ਤੇ ਆਉਣ ਵਾਲੀਆਂ ਐਮਰਜੈਂਸੀ ਕਾਲਾਂ ਦੇ ਤੁਰੰਤ ਅਤੇ ਪ੍ਰਭਾਵੀ ਜਵਾਬਾਂ ਨੂੰ ਯਕੀਨੀ ਬਣਾਉਣਗੀਆਂ ਅਤੇ ਸ਼ਹਿਰ 'ਚ ਟ੍ਰੈਫ਼ਿਕ ਵਿਵਸਥਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਾਇਤਾ ਕਰਨਗੀਆਂ | ਇਹ ਗੱਡੀਆਂ ਨੂੰ ਟੈਬਲੇਟ (ਕੰਪਿਊਟਰ ਸਿਸਟਮ), ਵਾਇਰਲੈੱਸ ਕੰਮਨੀਕੇਸ਼ਨ ਸੈੱਟ, ਹੋਰ ਉੱਨਤ ਸੰਚਾਰ ਪ੍ਰਣਾਲੀਆਂ ਅਤੇ ਫਸਟ-ਏਡ ਕਿੱਟਾਂ ਨਾਲ ਲੈੱਸ ਕੀਤਾ ਗਿਆ ਹੈ, ਜਿਸ ਨਾਲ ਪੁਲਿਸ ਕਰਮਚਾਰੀਆਂ ਨੂੰ ਘਟਨਾ ਸਥਾਨ 'ਤੇ ਤੁਰੰਤ ਸਹਾਇਤਾ ਮੁਹੱਈਆ ਕਰਨ ਦੇ ਯੋਗ ਬਣਾਇਆ ਗਿਆ ਹੈ | ਇਨ੍ਹਾਂ ਸਾਰੀਆਂ ਗੱਡੀਆਂ ਨੂੰ ਕਮਿਸ਼ਨਰੇਟ ਪੁਲਿਸ ਦੇ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਨਾਲ ਲਿੰਕ ਕੀਤਾ ਗਿਆ ਹੈ, ਇਥੋਂ ਇਨ੍ਹਾਂ ਨੂੰ ਮੋਨੀਟਰ ਕੀਤਾ ਜਾਵੇਗਾ ਅਤੇ ਅਫ਼ਸਰਾਂ ਵਲੋਂ ਜਾਰੀ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ | ਇਸ ਮੌਕੇ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਇਨ੍ਹਾਂ ਗੱਡੀਆਂ 'ਤੇ ਤਾਇਨਾਤ ਕੀਤੇ ਗਏ ਪੁਲਿਸ ਕਰਮਚਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਉਨ੍ਹਾਂ ਦੀਆਂ ਡਿਊਟੀਆਂ ਸੰਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ | ਇਸ ਤੋਂ ਇਲਾਵਾ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਸ਼ਹਿਰ ਦੇ ਨਾਗਰਿਕਾਂ ਦੀ ਸੇਵਾ ਹਿੱਤ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ |