ਜਲੰਧਰ, 6 ਅਪ੍ਰੈਲ (ਸ਼ਿਵ)-ਸ਼ਹਿਰ 'ਚ ਨਾਜਾਇਜ਼ ਉਸਾਰੀਆਂ ਤੋਂ ਲੈ ਕੇ ਸੀਵਰੇਜ ਅਤੇ ਸਟਰੀਟ ਲਾਈਟਾਂ ਦੇ ਕੰਮਾਂ ਵਿਚ ਆ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ 'ਆਪ' ਸਰਕਾਰ ਸਖ਼ਤੀ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਤਹਿਤ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਟੀਮ ਨੇ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਤੋਂ ਇਲਾਵਾ ਓ. ਐਂਡ ਐਮ. ਬਰਾਂਚ ਬਾਰੇ ਆਈਆਂ ਸ਼ਿਕਾਇਤਾਂ ਦੀ ਜਾਂਚ ਲਈ ਨਿਗਮ 'ਚ ਛਾਪਾ ਮਾਰ ਕੇ ਰਿਕਾਰਡ ਦੀ ਜਾਂਚ ਕੀਤੀ ਹੈ | ਮੁੱਖ ਚੌਕਸੀ ਅਫ਼ਸਰ ਨੇ ਨਿਗਮ ਸਮੇਤ ਫ਼ੀਲਡ ਵਿਚ ਰਹਿ ਕੇ ਕਰੀਬ 6 ਘੰਟੇ ਤੱਕ ਆਈਆਂ ਸ਼ਿਕਾਇਤਾਂ ਬਾਰੇ ਜਾਂਚ ਕੀਤੀ | ਮੁੱਖ ਚੌਕਸੀ ਅਫ਼ਸਰ ਕੁਲਵਿੰਦਰ ਸਿੰਘ ਅੱਜ ਆਪਣੇ ਨਾਲ ਐਮ. ਟੀ. ਪੀ. ਨਰੇਸ਼ ਕੁਮਾਰ ਦੇ ਨਾਲ ਸਵੇਰੇ 10 ਵਜੇ ਨਿਗਮ ਦਫਤਰ ਵਿਚ ਪੁੱਜ ਗਏ ਸਨ | ਜਾਣਕਾਰੀ ਮੁਤਾਬਿਕ ਸਮਾਜ ਸੇਵੀ ਰਾਜਨ ਸ਼ਾਰਦਾ ਨੇ ਓ. ਐਂਡ ਐਮ. ਦੇ ਸੀਵਰੇਜ ਤੇ ਸਟਰੀਟ ਲਾਈਟਾਂ ਦੇ ਕੰਮਾਂ 'ਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਕੀਤੀਆਂ ਸੀ ਜਿਸ ਦੀ ਅੱਜ ਮੁੱਖ ਚੌਕਸੀ ਅਫ਼ਸਰ ਦੀ ਟੀਮ ਜਾਂਚ ਕਰਨ ਲਈ ਆਈ ਸੀ | ਮੁੱਖ ਚੌਕਸੀ ਅਫ਼ਸਰ ਕੁਲਵਿੰਦਰ ਸਿੰਘ ਦੇ ਨਾਲ ਸ਼ਿਕਾਇਤਕਰਤਾ ਰਾਜਨ ਸ਼ਾਰਦਾ ਸਨ ਜਿਨ੍ਹਾਂ ਨੇ ਨਿਗਮ ਦਫਤਰ 'ਚ ਬੈਠ ਕੇ ਓ. ਐਂਡ ਐਮ. ਬਰਾਂਚ ਦੇ ਕਥਿਤ ਸ਼ੱਕੀ ਐਸਟੀਮੇਟਾਂ ਬਾਰੇ ਜਾਣਕਾਰੀ ਦਿੱਤੀ | ਰਾਜਨ ਸ਼ਾਰਦਾ ਦਾ ਕਹਿਣਾ ਸੀ ਕਿ ਫੋਲੜੀਵਾਲ ਟਰੀਟਮੈਂਟ ਪਲਾਂਟ 'ਚ ਕੈਮਰੇ ਲਗਾਉਣ ਦੇ ਮਾਮਲੇ ਵਿਚ ਲੱਖਾਂ ਰੁਪਏ ਦੀ ਬੇਨਿਯਮੀਆਂ ਦੀ ਸ਼ੰਕਾ ਹੈ ਤੇ ਇਸ ਤੋਂ ਇਲਾਵਾ ਸਟਰੀਟ ਲਾਈਟਾਂ ਦੇ ਪੂਰੇ ਕੰਮ ਨਹੀਂ ਕੀਤੇ ਗਏ ਹਨ | ਰਾਜਨ ਸ਼ਾਰਦਾ ਦੀ ਇਨ੍ਹਾਂ ਸ਼ਿਕਾਇਤਾਂ 'ਤੇ ਕੁਲਵਿੰਦਰ ਸਿੰਘ ਨੇ ਓ. ਐਂਡ ਐਮ. ਬਰਾਂਚ ਦੇ ਨਿਗਰਾਨ ਇੰਜੀ. ਜਸਪਾਲ ਤੋਂ ਰਿਕਾਰਡ ਤਲਬ ਕੀਤਾ | ਸ਼ਿਕਾਇਤਕਰਤਾ ਨੇ ਮੁੱਖ ਚੌਕਸੀ ਅਫ਼ਸਰ ਨੂੰ ਕਿਹਾ ਕਿ ਕਮਿਸ਼ਨਰ ਸੰਦੀਪ ਰਿਸ਼ੀ ਹੇਠਲੇ ਅਫ਼ਸਰਾਂ ਤੋਂ ਇਸ ਬਾਰੇ ਲੰਬੇ ਸਮੇਂ ਤੋਂ ਰਿਕਾਰਡ ਮੰਗ ਰਹੇ ਹਨ | ਉਨ੍ਹਾਂ ਨੂੰ ਤਾਂ ਇਹ ਰਿਕਾਰਡ ਦਿੱਤਾ ਨਹੀਂ ਜਾ ਰਿਹਾ ਹੈ ਤੇ ਅੱਜ ਕਿਵੇਂ ਇਹ ਰਿਕਾਰਡ ਉਨਾਂ ਕੋਲ ਆ ਰਿਹਾ ਹੈ | ਬਾਅਦ 'ਚ ਕੁਲਵਿੰਦਰ ਸਿੰਘ ਦੇ ਨਾਲ ਸ਼ਿਕਾਇਤਕਰਤਾ ਫੋਕਲ ਪੁਆਇੰਟ ਤੇ ਐਕਸਟੈਨਸ਼ਨ 'ਚ ਵੀ ਗਏ ਜਿੱਥੇ ਕਿ 500 ਤੋਂ ਜ਼ਿਆਦਾ ਐਲ. ਈ. ਡੀ. ਲਗਾਉਣ ਦੀ ਗੱਲ ਕਹੀ ਗਈ ਸੀ ਪਰ ਰਾਜਨ ਸ਼ਾਰਦਾ ਨੇ ਐਸੋਸੀਏਸ਼ਨ ਦੇ ਆਗੂ ਨਾਲ ਵੀ ਮੁੱਖ ਚੌਕਸੀ ਅਫ਼ਸਰ ਦੀ ਗੱਲ ਕਰਵਾਈ | ਇਸ ਇਲਾਕੇ 'ਚ ਪੂਰੀਆਂ ਲਾਈਟਾਂ ਨਾ ਲੱਗਣ ਦੀ ਸ਼ਿਕਾਇਤ ਕੀਤੀ ਗਈ ਸੀ | ਬਾਅਦ 'ਚ ਟੀਮ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਮੌਕਾ ਦੇਖਣ ਗਈ ਜਿਥੇ ਕਿ 31 ਲੱਖ ਨਾਲ 8 ਕੈਮਰੇ ਲਗਾਉਣ ਬਾਰੇ ਸ਼ਿਕਾਇਤ ਕੀਤੀ ਗਈ ਸੀ | ਸ਼ਿਕਾਇਤਕਰਤਾ ਨੇ ਮੁੱਖ ਚੌਕਸੀ ਅਫ਼ਸਰ ਨੂੰ ਸ਼ਿਕਾਇਤ ਕੀਤੀ ਕਿ ਅਫ਼ਸਰ ਗ਼ਲਤ ਜਾਣਕਾਰੀ ਦੇ ਰਹੇ ਹਨ | ਟੀਮ ਨੇ ਨਿਗਮ ਤੋਂ 17 ਅਪ੍ਰੈਲ ਤੱਕ ਬਾਕੀ ਰਿਕਾਰਡ ਸਮੇਤ ਸ਼ਿਕਾਇਤਾਂ ਨਾਲ ਸੰਬੰਧਿਤ ਰਿਕਾਰਡ ਵੀ ਤਲਬ ਕੀਤਾ ਹੈ | ਐਮ. ਟੀ. ਪੀ. ਇਮਾਰਤਾਂ ਦੀਆਂ ਸ਼ਿਕਾਇਤਾਂ ਬਾਰੇ ਜਾਂਚ ਦੌਰਾਨ ਐਮ. ਟੀ. ਪੀ. ਦੇ ਕਮਰੇ ਵਿਚ ਮੌਜੂਦ ਰਹੇ |