ਚੁਗਿੱਟੀ/ਜੰਡੂਸਿੰਘਾ, 6 ਅਪ੍ਰੈਲ (ਨਰਿੰਦਰ ਲਾਗੂ)-'ਦੀ ਜੰਡੂਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ. ਦੇ ਪ੍ਰਬੰਧਕਾਂ ਦੀ ਚੋਣ ਲਈ ਪਾਈਆਂ ਗਈਆਂ ਵੋਟਾਂ ਦੇ ਸਾਹਮਣੇ ਆਏ ਨਤੀਜੇ 'ਚ ਮਨਜੀਤ ਸਿੰਘ ਸੰਘਾ ਸੀਨੀਅਰ ਆਗੂ 'ਆਪ' ਪ੍ਰਧਾਨ ਚੁਣੇ ਗਏ | ਜਦੋਂ ਕਿ ਉਪ ਪ੍ਰਧਾਨ ਨਰਿੰਦਰ ਕੌਰ ਤੇ ਮੈਂਬਰ ਹਰਪ੍ਰੀਤ ਸਿੰਘ, ਇਕਬਾਲ ਸਿੰਘ ਤੇ ਰਮਾ ਕੁਮਾਰੀ ਨੂੰ ਬਣਾਇਆ ਗਿਆ | ਇਸ ਮੌਕੇ ਸਮਰਥਕਾਂ ਦੇ ਧੰਨਵਾਦ ਕਰਦਿਆਂ ਪ੍ਰਧਾਨ ਬਣੇ ਮਨਜੀਤ ਸਿੰਘ ਸੰਘਾ ਨੇ ਕਿਹਾ ਕਿ ਸਾਥੀਆਂ ਵਲੋਂ ਉਨ੍ਹਾਂ ਪ੍ਰਤੀ ਵਿਸ਼ਵਾਸ ਜ਼ਾਹਰ ਕਰਦਿਆਂ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ, ਉਸਨੂੰ ਸਾਹਮਣੇ ਰੱਖ ਕੇ ਉਹ ਡਟਵੀਂ ਮਿਹਨਤ ਪੂਰੀ ਇਮਾਨਦਾਰੀ ਨਾਲ ਕਰਨਗੇ | ਉਨ੍ਹਾਂ ਕਿਹਾ ਕਿ ਇਥੇ ਆਉਣ ਵਾਲੇ ਤਮਾਮ ਦੁੱਧ ਉਤਪਾਦਕਾਂ ਦੀ ਮਿਹਨਤ ਦਾ ਮੁੱਲ ਉਨ੍ਹਾਂ ਦੀ ਝੋਲੀ 'ਚ ਸਮੇਂ ਸਿਰ ਪਵਾਉਣ ਦਾ ਯਤਨ ਉਹ ਕਰਨਗੇ | ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਕਤ ਪਿੰਡ ਦੇ ਸਾਬਕਾ ਸਰਪੰਚ, 'ਆਪ' ਦੇ ਸੀਨੀਅਰ ਆਗੂ ਨੰਬਰ ਰਣਜੀਤ ਸਿੰਘ ਮੱਲ੍ਹੀ ਨੇ ਉਕਤ ਚੁਣੇ ਗਏ ਅਹੁਦੇਦਾਰਾਂ ਪ੍ਰਤੀ ਯਕੀਨ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਧਾਨ ਚੁਣੇ ਗਏ ਮਨਜੀਤ ਸਿੰਘ ਸੰਘਾ ਦੇ ਬਾਕੀ ਸਾਰੇ ਮੈਂਬਰ ਮਿਹਨਤੀ ਤੇ ਅਗਾਂਹਵਧੂ ਸੋਚ ਵਾਲੇ ਹਨ, ਜਿਸ ਕਰਕੇ ਆਸ ਬੱਝਦੀ ਹੈ ਕਿ ਅਗਾਮੀ ਦਿਨਾਂ 'ਚ ਦੁੱਧ ਉਤਪਾਦਕਾਂ ਨੂੰ ਸਫ਼ਲਤਾ ਲਈ ਹੋਰ ਵਧੇਰੇ ਮੌਕੇ ਮਿਲਣਗੇ | ਮੱਲ੍ਹੀ ਨੇ ਆਖਿਆ ਕਿ ਸੂਬੇ 'ਚ 'ਆਪ' ਸਰਕਾਰ ਦੇ ਯਤਨਾਂ ਨਾਲ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ | ਇਸ ਸਹਿਕਾਰੀ ਸਭਾ 'ਤੇ 'ਆਪ' ਦਾ ਕਬਜ਼ਾ ਹੋਣ ਨਾਲ ਦੁੱਧ ਉਤਪਾਦਕ ਹੋਰ ਤਰੱਕੀ ਕਰ ਸਕਣਗੇ | ਇਸ ਮੌਕੇ 'ਆਪ' ਦੇ ਆਗੂ ਜੰਗ ਬਹਾਦਰ ਸਿੰਘ ਸੰਘਾ, ਬਲਵੀਰ ਸਿੰਘ ਸੰਘਾ, ਜਸਪਾਲ ਸਿੰਘ ਸੰਘਾ, ਰਾਮ ਸਰੂਪ ਨੰਬਰਦਾਰ, ਪਰਮਜੀਤ ਸਿੰਘ ਚਾਹਲ, ਸਾਬਕਾ ਪ੍ਰਧਾਨ ਰਮੇਸ਼ ਕੁਮਾਰ, ਕਮਲਜੀਤ ਸਿੰਘ ਜੰਡੂਸਿੰਘਾ ਆਦਿ ਹਾਜ਼ਰ ਸਨ |