* ਕਿਹਾ, ਦੁਸ਼ਮਣ ਦੇਸ਼ 'ਚੋਂ ਦੋਵਾਂ ਪਾਇਲਟਾਂ ਨੂੰ ਸੁਰੱਖਿਅਤ ਬਚਾਉਣਾ ਸਾਡੀ ਫ਼ੌਜ ਦਾ ਇਤਿਹਾਸਕ ਕਾਰਨਾਮਾ * ਈਰਾਨ 'ਤੇ ਹਵਾਈ ਹਮਲੇ-25 ਮੌਤਾਂ
ਵਾਸ਼ਿੰਗਟਨ, 6 ਅਪ੍ਰੈਲ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਈਰਾਨ ਮੰਗਲਵਾਰ ਰਾਤ ਤੱਕ ਕਿਸੇ ਸਮਝੌਤੇ 'ਤੇ ਸਹਿਮਤ ਨਹੀਂ ਹੁੰਦਾ ਤਾਂ ਉਹ ਚਾਰ ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਤਬਾਹ ਕਰ ਦੇਣਗੇ, ਜਦੋਂਕਿ ਪਾਵਰ ਪਲਾਂਟਾਂ ਅਤੇ ਪੁਲਾਂ 'ਤੇ ਹਮਲਿਆਂ ਦੀ ਸਥਿਤੀ ਵਿਚ ਸੰਭਾਵਿਤ ਯੁੱਧ ਅਪਰਾਧਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ | ਟਰੰਪ ਨੇ ਵਾਈਟ ਹਾਊਸ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਫ਼Ïਜ ਦੀ ਤਾਕਤ ਦੇ ਕਾਰਨ, ਸਾਡੀ ਇਕ ਯੋਜਨਾ ਹੈ ਜਿਥੇ ਈਰਾਨ ਦੇ ਹਰ ਪੁਲ ਨੂੰ ਕੱਲ੍ਹ (ਮੰਗਲਵਾਰ) ਰਾਤ 12 ਵਜੇ ਤੱਕ ਢਾਹ ਦਿੱਤਾ ਜਾਵੇਗਾ, ਜਿੱਥੇ ਈਰਾਨ ਦਾ ਹਰ ਪਾਵਰ ਪਲਾਂਟ ਕਾਰੋਬਾਰ ਤੋਂ ਬਾਹਰ ਹੋ ਜਾਵੇਗਾ, ਸੜ ਜਾਵੇਗਾ ਅਤੇ ਦੁਬਾਰਾ ਕਦੇ ਵੀ ਵਰਤੋਂ ਵਿਚ ਨਹੀਂ ਆਵੇਗਾ, ਮੇਰਾ ਮਤਲਬ ਹੈ ਕਿ 12 ਵਜੇ ਤੱਕ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ ਅਤੇ ਜੇ ਅਸੀਂ ਚਾਹੁੰਦੇ ਹਾਂ ਤਾਂ ਇਹ ਚਾਰ ਘੰਟਿਆਂ ਦੀ ਮਿਆਦ ਵਿਚ ਹੋ ਜਾਵੇਗਾ | ਟਰੰਪ ਨੇ ਈਰਾਨ ਨੂੰ ਅਮਰੀਕਾ ਨਾਲ ਇਕ ਸਮਝੌਤਾ ਕਰਨ ਅਤੇ ਮੰਗਲਵਾਰ ਰਾਤ 8 ਵਜੇ ਤੱਕ ਤੇਲ ਦੀ ਸੁਤੰਤਰ ਆਵਾਜਾਈ ਲਈ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਕਿਹਾ | ਉਨ੍ਹਾਂ ਕਿਹਾ ਕਿ ਅਮਰੀਕਾ ਏਨੀ ਸਮਰੱਥਾ ਰੱਖਦਾ ਹੈ ਕਿ ਉਹ ਇਕ ਰਾਤ 'ਚ ਈਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ ਅਤੇ ਇਹ ਰਾਤ ਕੱਲ੍ਹ ਦੀ ਰਾਤ ਵੀ ਹੋ ਸਕਦੀ ਹੈ | ਉਨ੍ਹਾਂ ਖੁੱਲ੍ਹੀ ਧਮਕੀ ਦਿੱਤੀ ਕਿ ਕੱਲ੍ਹ (ਮੰਗਲਵਾਰ) ਨੂੰ ਇਕ ਵੱਡਾ ਹਮਲਾ ਵੀ ਹੋ ਸਕਦਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਈਰਾਨ 'ਚ ਸਭ ਤੋਂ ਵੱਡਾ ਰੈਸਕਿਉ ਆਪ੍ਰੇਸ਼ਨ ਚਲਾਇਆ ਤੇ ਆਪਣੇ ਦੋਵੇਂ ਪਾਇਲਟ ਸੁਰੱਖਿਅਤ ਬਚਾਅ ਲਏ | ਟਰੰਪ ਨੇ ਕਿਹਾ ਕਿ ਇਸ ਆਪ੍ਰੇਸ਼ਨ ਲਈ ਅਸੀਂ 21 ਜਹਾਜ਼ ਭੇਜੇ ਸਨ | ਸਾਡਾ ਇਕ ਪਾਇਲਟ ਜ਼ਖ਼ਮੀ ਹੋ ਗਿਆ ਸੀ ਪਰ ਅਸੀਂ ਹੌਸਲਾ ਨਹੀਂ ਹਾਰਿਆ | ਅਸੀਂ ਦੁਸ਼ਮਣ ਦੇਸ਼ ਦੇ ਅੰਦਰ ਤੱਕ ਜਾ ਵੜੇ | ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਵਰਗੀ ਕਿਸੇ ਵੀ ਹੋਰ ਦੇਸ਼ ਕੋਲ ਫ਼ੌਜ ਨਹੀਂ ਹੈ | ਇਹ ਸਾਡੀ ਫ਼ੌਜ ਦਾ ਇਕ ਇਤਿਹਾਸਕ ਕਾਰਨਾਮਾ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਖ਼ਤਰਾ ਮੁੱਲ ਲੈਣ ਵਾਲਾ ਫ਼ੈਸਲਾ ਸੀ, ਕਿਉਂਕਿ ਅਸੀਂ 1-2 ਪਾਇਲਟ ਨੂੰ ਦੁਸ਼ਮਣ ਦੇਸ਼ 'ਚੋਂ ਕੱਢਣ ਲਈ 100 ਜਾਨਾਂ ਨੂੰ ਦਾਅ 'ਤੇ ਲਗਾ ਦਿੱਤਾ ਸੀ | ਇਸ ਦੌਰਾਨ ਟਰੰਪ ਨੇ ਇਕ ਜ਼ਖ਼ਮੀ ਪਾਇਲਟ ਦੀ ਬਹਾਦਰੀ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਇਕ ਐਫ-15ਈ ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ ਗਿਆ, ਤਾਂ ਉਸ ਵਿਚ ਸਵਾਰ ਪਾਇਲਟ ਪੈਰਾਸ਼ੂਟ ਰਾਹੀਂ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਗਿਆ ਅਤੇ ਗੰਭੀਰ ਹਾਲਤ ਵਿਚ ਹੋਣ ਦੇ ਬਾਵਜੂਦ, ਆਪਣੇ ਬਚਾਅ ਲਈ ਯਤਨਸ਼ੀਲ ਕਰਦਾ ਰਿਹਾ | ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ਵਿਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਚੜ੍ਹਦਾ ਰਿਹਾ, ਉਸ ਦੇ ਚਿਹਰੇ ਤੋਂ ਖੂਨ ਵਗ ਰਿਹਾ ਸੀ¢ ਫਿਰ ਵੀ ਉਹ ਕਦੇ ਵੀ ਹੌਸਲਾ ਨਹੀਂ ਹਾਰਿਆ |
ਈਰਾਨ ਦੇ ਕੁਦਰਤੀ ਗੈਸ ਖੇਤਰ ਨੂੰ ਬਣਾਇਆ ਨਿਸ਼ਾਨਾ
ਦੁਬਈ, (ਏਜੰਸੀ)-ਈਰਾਨ ਅਤੇ ਅਮਰੀਕਾ ਨੂੰ ਐਤਵਾਰ ਦੇਰ ਰਾਤ ਇਕ ਮਸੌਦਾ ਪ੍ਰਸਤਾਵ ਮਿਲਿਆ, ਜਿਸ ਵਿਚ 45 ਦਿਨਾਂ ਦੀ ਜੰਗਬੰਦੀ ਅਤੇ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ | ਮੱਧ ਪੂਰਬ ਦੇ ਦੋ ਅਧਿਕਾਰੀਆਂ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ | ਇਹ ਪ੍ਰਸਤਾਵ ਮਿਸਰ, ਪਾਕਿਸਤਾਨ ਅਤੇ ਤੁਰਕੀ ਦੇ ਵਿਚੋਲਗੀ ਕਰਨ ਵਾਲਿਆਂ ਵਲੋਂ ਆਇਆ ਹੈ | ਉਨ੍ਹਾਂ ਨੂੰ ਉਮੀਦ ਹੈ ਕਿ 45 ਦਿਨ ਦਾ ਇਹ ਸਮਾਂ ਗੱਲਬਾਤ ਜ਼ਰੀਏ ਸਥਾਈ ਜੰਗਬੰਦੀ ਤੱਕ ਪਹੁੰਚਣ ਲਈ ਲੋੜੀਂਦਾ ਸਮਾਂ ਦੇਵੇਗੀ | ਈਰਾਨ ਦੇ ਅਰਧ ਸੈਨਿਕ ਰਿਵੋਲੂਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਸੋਮਵਾਰ ਨੂੰ ਇਕ ਹਮਲੇ 'ਚ ਮੌਤ ਹੋ ਗਈ | ਈਰਾਨੀ ਸਰਕਾਰੀ ਮੀਡੀਆ ਅਨੁਸਾਰ ਇਹ ਹਮਲਾ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ | ਐਤਵਾਰ ਤੋਂ ਸੋਮਵਾਰ ਦਰਮਿਆਨ ਈਰਾਨ ਦੇ ਕਈ ਸ਼ਹਿਰਾਂ 'ਤੇ ਹੋਏ ਹਮਲਿਆਂ 'ਚ 25 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਸਾਊਥ ਪਾਰਸ ਕੁਦਰਤੀ ਗੈਸ ਖੇਤਰ, ਜੋ ਦੁਨੀਆ ਦਾ ਸਭ ਤੋਂ ਵੱਡਾ ਗੈਸ ਖੇਤਰ ਹੈ, ਨੂੰ ਨਿਸ਼ਾਨਾ ਬਣਾਇਆ ਗਿਆ | ਇਸ ਦੇ ਜਵਾਬ 'ਚ ਈਰਾਨ ਨੇ ਇਜ਼ਰਾਈਲ ਅਤੇ ਆਪਣੇ ਖਾੜੀ ਅਰਬ ਗੁਆਂਢੀਆਂ 'ਤੇ ਮਿਜ਼ਾਈਲਾਂ ਦਾਗੀਆਂ | ਇਜ਼ਰਾਈਲ ਦੇ ਹਾਈਫਾ ਸ਼ਹਿਰ 'ਚ ਈਰਾਨ ਦੇ ਹਮਲੇ ਦੇ ਇਕ ਦਿਨ ਬਾਅਦ, ਮਲਬੇ 'ਚ ਦੱਬੇ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਦੋ ਹੋਰ ਲੋਕ ਅਜੇ ਵੀ ਲਾਪਤਾ ਹਨ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਈਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਈਰਾਨ ਦੀ ਸਰਕਾਰ ਮੰਗਲਵਾਰ ਤੱਕ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਨਹੀਂ ਖੋਲ੍ਹਦੀ ਤਾਂ ਅਮਰੀਕਾ ਈਰਾਨ ਦੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ 'ਤੇ ਜ਼ੋਰਦਾਰ ਹਮਲਾ ਕਰੇਗਾ | ਇਸ ਯੁੱਧ 'ਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ, ਕੌਮਾਂਤਰੀ ਬਾਜ਼ਾਰ ਹਿੱਲ ਗਏ ਹਨ, ਪ੍ਰਮੁੱਖ ਸਮੁੰਦਰੀ ਵਪਾਰ ਮਾਰਗ ਬੰਦ ਹੋ ਗਏ ਹਨ ਅਤੇ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ |
ਈਰਾਨੀ ਡਰੋਨ ਵਲੋਂ ਯੂ.ਏ.ਈ. ਦੀ ਦੂਰਸੰਚਾਰ ਇਮਾਰਤ 'ਤੇ ਹਮਲਾ
ਸੋਮਵਾਰ ਨੂੰ ਇਕ ਈਰਾਨੀ ਡਰੋਨ ਹਮਲੇ 'ਚ ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾ ਸ਼ਹਿਰ 'ਚ ਸਥਿਤ ਇਕ ਦੂਰਸੰਚਾਰ ਇਮਾਰਤ ਨੂੰ ਨੁਕਸਾਨ ਪੁੱਜਾ | ਇਸ ਹਮਲੇ 'ਚ ਸਰਕਾਰੀ ਦੂਰਸੰਚਾਰ ਕੰਪਨੀ ਡੀਯੂ ਦੀ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਇਸ ਹਮਲੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ |
ਈਰਾਨ ਵਲੋਂ ਜੰਗਬੰਦੀ ਦਾ ਤਾਜ਼ਾ ਪ੍ਰਸਤਾਵ ਰੱਦ
ਤਹਿਰਾਨ, (ਏਜੰਸੀ)-ਈਰਾਨ ਨੇ ਜੰਗਬੰਦੀ ਦਾ ਤਾਜ਼ਾ ਪ੍ਰਸਤਾਵ ਰੱਦ ਕਰ ਦਿੱਤਾ ਹੈ ਅਤੇ ਉਹ ਯੁੱਧ ਦਾ ਸਥਾਈ ਅੰਤ ਚਾਹੁੰਦਾ ਹੈ | ਸਥਾਨਕ ਸਰਕਾਰੀ ਸੂਤਰਾਂ ਅਨੁਸਾਰ ਇਹ ਜਵਾਬ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਹਿਰਾਨ ਲਈ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਦੀ ਆਖਰੀ ਮਿਤੀ-ਵਾਸ਼ਿੰਗਟਨ ਸਮੇਂ ਅਨੁਸਾਰ ਮੰਗਲਵਾਰ ਰਾਤ-ਨੇੜੇ ਆ ਰਹੀ ਹੈ, ਜਿਸ 'ਚ ਰਾਸ਼ਟਰਪਤੀ ਨੇ ਈਰਾਨ ਦੇ ਪਾਵਰ ਪਲਾਂਟਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ | ਇਜ਼ਰਾਈਲ ਤੇ ਅਮਰੀਕਾ ਨੇ ਸੋਮਵਾਰ ਨੂੰ ਈਰਾਨ 'ਤੇ ਹਮਲੇ ਕੀਤੇ, ਜਿਸ 'ਚ 25 ਤੋਂ ਵੱਧ ਲੋਕ ਮਾਰੇ ਗਏ | ਈਰਾਨ ਨੇ ਇਜ਼ਰਾਈਲ ਅਤੇ ਇਸ ਦੇ ਖਾੜੀ ਅਰਬ ਗੁਆਂਢੀਆਂ 'ਤੇ ਮਿਜ਼ਾਈਲ ਹਮਲੇ ਨਾਲ ਜਵਾਬ ਦਿੱਤਾ |
ਇਜ਼ਰਾਈਲ ਵਲੋਂ ਰਿਵੋਲੂਸ਼ਨਰੀ ਗਾਰਡ ਦੇ ਇੰਟੈਲੀਜੈਂਸ ਚੀਫ਼ ਨੂੰ ਮਾਰਨ ਦਾ ਦਾਅਵਾ
ਇਜ਼ਰਾਈਲ ਨੇ ਕਿਹਾ ਕਿ ਉਸ ਨੇ ਸੋਮਵਾਰ ਨੂੰ ਈਰਾਨ ਦੇ ਰਿਵੋਲੂਸ਼ਨਰੀ ਗਾਰਡ ਦੇ ਇੰਟੈਲੀਜੈਂਸ ਚੀਫ਼ ਨੂੰ ਮਾਰ ਦਿੱਤਾ | ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਰਿਵੋਲੂਸ਼ਨਰੀ ਗਾਰਡ ਆਮ ਨਾਗਰਿਕਾਂ 'ਤੇ ਗੋਲੀਆਂ ਚਲਾ ਰਹੇ ਹਨ ਤੇ ਅਸੀਂ ਅੱਤਵਾਦੀਆਂ ਦੇ ਨੇਤਾਵਾਂ ਨੂੰ ਖ਼ਤਮ ਕਰ ਰਹੇ ਹਾਂ | ਉਨ੍ਹਾਂ ਅੱਗੇ ਕਿਹਾ ਕਿ ਈਰਾਨ ਦੇ ਨੇਤਾ ਹਮੇਸ਼ਾ ਇਸ ਡਰ 'ਚ ਜਿਊਾਦੇ ਹਨ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਇਕ-ਇਕ ਕਰ ਕੇ ਲੱਭ ਕੇ ਮਾਰਦੇ ਰਹਾਂਗੇ |
ਇਕ ਰਾਤ 'ਚ ਹੀ ਪੂਰਾ ਈਰਾਨ ਖ਼ਤਮ ਕਰ ਦੇਵਾਂਗਾ-ਟਰੰਪ ਦੀ ਖੁੱਲ੍ਹੀ ਧਮਕੀ <br/>
ਅਜੀਤ ਡੈਸਕ
07-04-2026