ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਰਾਸ਼ਟਰੀ ਅਤੇ ਸੂਬਾਈ ਸ਼ਾਹਰਾਹਾਂ 'ਤੇ ਬੇਸਹਾਰਾ ਜਾਨਵਰਾਂ ਦੀ ਆਵਾਜ਼ਾਈ ਨੂੰ ਗੰਭੀਰ ਮੁੱਦਾ ਮੰਨਦਿਆਂ ਕੇਂਦਰ ਸਰਕਾਰ, ਰਾਜਾਂ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ ਤੋਂ ਜਵਾਬ ਮੰਗਿਆ ਹੈ | ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਉਕਤ ਆਦੇਸ਼ ਉਸ ਜਨਹਿਤ ਪਟੀਸ਼ਨ 'ਤੇ ਲਿਆ ਜਿਸ 'ਚ ਸ਼ਾਹਰਾਹਾਂ ਅਤੇ ਐਕਸਪ੍ਰੈੱਸ ਵੇਅ 'ਤੇ ਬੇਸਹਾਰਾ ਜਾਨਵਰਾਂ ਦੀ ਆਵਾਜ਼ਾਈ ਰੋਕਣ ਲਈ ਇਕ ਰਾਸ਼ਟਰੀ ਦਿਸ਼ਾ ਨਿਰਦੇਸ਼ ਬਣਾਉਣ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਗਈ | ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵਲੋਂ ਦਾਖ਼ਲ ਕੀਤੀ ਪਟੀਸ਼ਨ 'ਚ ਕਿਹਾ ਗਿਆ ਕਿ ਰਾਸ਼ਟਰੀ ਅਤੇ ਸੂਬਾਈ ਸ਼ਾਹਰਾਹਾਂ 'ਤੇ ਬੇਸਹਾਰਾ ਜਾਨਵਰਾਂ ਦੀ ਮੌਜੂਦਗੀ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣ ਰਿਹਾ ਹੈ | ਸੁਪਰੀਮ ਕੋਰਟ ਨੇ ਸਾਰੀਆਂ ਸੰਬੰਧਿਤ ਧਿਰਾਂ ਨੂੰ 4 ਹਫ਼ਤੇ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਨੂੰ ਕਿਹਾ ਗਿਆ |