ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਧਾਨ ਸਭਾ ਦੀ ਸੁਰੱਖਿਆ 'ਚ ਇਕ ਵੱਡੀ ਕੁਤਾਹੀ ਹੋਈ ਹੈ, ਜਦੋਂ ਸੋਮਵਾਰ ਦੁਪਹਿਰ ਕਰੀਬ 2 ਵਜੇ ਇਕ ਵਿਅਕਤੀ ਜਿਸ ਨੇ ਮਾਸਕ ਪਾਇਆ ਹੋਇਆ ਸੀ, ਐਸ.ਯੂ.ਵੀ. ਰਾਹੀਂ ਬਾਉਂਡਰੀ ਦੇ ਗੇਟਾਂ 'ਚੋਂ ਇਕ ਗੇਟ ਰਾਹੀਂ ਅੰਦਰ ਆ ਵੜਿਆ, ਸਪੀਕਰ ਦੇ ਦਫ਼ਤਰ ਅੱਗੇ ਫੁੱਲਾਂ ਦਾ ਗੁਲਦਸਤਾ ਰੱਖਿਆ ਤੇ ਫਰਾਰ ਹੋ ਗਿਆ | ਪੁਲਿਸ ਨੇ ਪੂਰੇ ਇਲਾਕੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਤੇ ਬਾਅਦ 'ਚ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ, ਨਾਲ ਹੀ ਗੱਡੀ ਵੀ ਜ਼ਬਤ ਕਰ ਲਈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇਹ ਕਾਰ ਗੇਟ ਨੰਬਰ-2 ਨੂੰ ਤੋੜ ਕੇ ਵਿਧਾਨ ਸਭਾ ਕੈਂਪਸ ਅੰਦਰ ਜਾ ਵੜੀ | ਸੂਤਰਾਂ ਅਨੁਸਾਰ ਹਾਲਾਂਕਿ ਇਹ ਮੁੱਖ ਗੇਟ ਨਹੀਂ ਹੈ ਤੇ ਜਦੋਂ ਸਦਨ ਦਾ ਇਜਲਾਸ ਨਹੀਂ ਚੱਲ ਰਿਹਾ ਹੁੰਦਾ ਤਾਂ ਇਥੇ ਸੁਰੱਖਿਆ ਘੱਟ ਹੀ ਹੁੰਦੀ ਹੈ | ਦਿੱਲੀ ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਵਧਿਆ ਅਤੇ ਕੈਂਪਸ ਕੋਲ ਫੁੱਲਾਂ ਦਾ ਇਕ ਗੁਲਦਸਤਾ ਰੱਖ ਕੇ ਆਪਣੀ ਗੱਡੀ 'ਚ ਤੇਜ਼ੀ ਨਾਲ ਫਰਾਰ ਹੋ ਗਿਆ | ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ |