ਜਲੰਧਰ, 7 ਅਪ੍ਰੈਲ (ਸ਼ੈਲੀ)-ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਹੋਣ ਵਾਲੇ ਨਵੀਨੀਕਰਨ ਦਾ ਜਾਇਜ਼ਾ ਲੈਣ ਲਈ ਪਹੁੰਚੇ | ਸਿਟੀ ਰੇਲਵੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਡਿਵੀਜ਼ਨਲ ਮੈਨੇਜਰ ਸੰਜੀਵ ਕੁਮਾਰ, ਸਟੇਸ਼ਨ ਸੁਪਰਡੈਂਟ ਹਰੀਦੱਤ ਸ਼ਰਮਾ ਤੇ ਉਥੇ ਮੌਜੂਦ ਹੋਰ ਰੇਲਵੇ ਅਧਿਕਾਰੀਆਂ ਨੇ ਕੀਤਾ | ਦੌਰੇ ਦੌਰਾਨ ਜੀ. ਐਮ. ਰਾਜੇਸ਼ ਕੁਮਾਰ ਪਾਂਡੇ ਨੇ ਸ਼ਹਿਰ ਸਿਟੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ | ਦੌਰੇ ਦੌਰਾਨ ਉਨ੍ਹਾਂ ਨੇ ਸਟੇਸ਼ਨ 'ਤੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ | ਸਟੇਸ਼ਨ ਦੇ ਅੰਦਰ ਦਾ ਦੌਰਾ ਕਰਦੇ ਹੋਏ ਉਨ੍ਹਾਂ ਨੇ ਬਾਹਰੀ ਦਿ੍ਸ਼ ਵੀ ਦੇਖਿਆ ਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਨਿਰੀਖਣ ਦੌਰਾਨ ਉਨ੍ਹਾਂ ਨੇ ਵੱਖ-ਵੱਖ ਯਾਤਰੀ ਸਹੂਲਤਾਂ ਦਾ ਵਿਆਪਕ ਨਿਰੀਖਣ ਕੀਤਾ, ਜਿਸ ਵਿਚ ਵੇਟਿੰਗ ਹਾਲ, ਬੁਕਿੰਗ ਦਫ਼ਤਰ, ਰਿਜ਼ਰਵੇਸ਼ਨ ਦਫ਼ਤਰ, ਪਾਰਕਿੰਗ ਸਹੂਲਤਾਂ, ਸਰਕੂਲੇਟਿੰਗ ਖੇਤਰ ਤੇ ਸਟੇਸ਼ਨ ਦਾ ਦੂਜਾ ਪ੍ਰਵੇਸ਼ ਸ਼ਾਮਿਲ ਹੈ | ਨਿਰੀਖਣ ਦੌਰਾਨ ਜਨਰਲ ਮੈਨੇਜਰ ਨੇ ਯਾਤਰੀਆਂ ਦੀ ਸਹੂਲਤ ਤੇ ਪਾਰਦਰਸ਼ਤਾ ਨੂੰ ਧਿਆਨ ਵਿਚ ਰੱਖਦੇ ਹੋਏ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਦੁਆਰਾ ਕੰਮ ਦੀ ਗੁਣਵੱਤਾ ਤੇ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਉਨ੍ਹਾਂ ਨੇ ਸਟੇਸ਼ਨ 'ਤੇ ਉਪਲਬਧ ਵੱਖ-ਵੱਖ ਯਾਤਰੀ ਸਹੂਲਤਾਂ ਦਾ ਨਿਰੀਖਣ ਕੀਤਾ, ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਵਿਸਤਿ੍ਤ ਮੁਲਾਂਕਣ ਕੀਤਾ ਅਤੇ ਸੰਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ | ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਵੱਡੇ ਵਿਕਾਸ ਪ੍ਰਾਜੈਕਟ ਪੂਰੇ ਹੋ ਗਏ ਹਨ | ਇਸ ਸੰਬੰਧ ਵਿਚ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਨੇ ਸਟੇਸ਼ਨ 'ਤੇ ਪੁਨਰ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਕੰਮ ਦੀ ਗੁਣਵੱਤਾ ਤੇ ਪ੍ਰਗਤੀ ਦੀ ਸਮੀਖਿਆ ਕੀਤੀ | ਨਿਰੀਖਣ ਦੌਰਾਨ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ, ਸਟੇਸ਼ਨ ਸੁਪਰੀਡੈਂਟ ਹਰੀਦੱਤ ਸ਼ਰਮਾ ਸਮੇਤ ਸੀਨੀਅਰ ਅਧਿਕਾਰੀ ਤੇ ਹੋਰ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ | ਜਨਰਲ ਮੈਨੇਜਰ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸੇਵਾ ਗੁਣਵੱਤਾ ਵਿਚ ਲਗਾਤਾਰ ਸੁਧਾਰ ਕਰਨ ਲਈ ਉਤਸ਼ਾਹਿਤ ਕੀਤਾ | ਰੇਲਵੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੋਣ ਵਾਲੇ ਰੇਲਵੇ ਸਟੇਸ਼ਨ 'ਤੇ ਹੋਣ ਵਾਲੇ ਨਵੀਨੀਕਰਨ ਦਾ ਨਕਸ਼ਾ ਦਿਖਾਇਆ ਤੇ ਹੋਣ ਵਾਲੇ ਸਾਰੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਦਿੱਤੀ | ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ 'ਤੇ 98 ਕਰੋੜ ਰੁਪਏ ਦਾ ਨਵੀਨੀਕਰਨ ਪ੍ਰਾਜੈਕਟ ਹੈ, ਜਿਸ ਵਿਚ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਵਿਕਾਸ ਹੋਵੇਗਾ | ਵਿਕਾਸ ਵਿਚ ਪਾਰਸਲ ਵਿਭਾਗ, ਡਾਕਘਰ, ਪੁਲਿਸ ਸਟੇਸ਼ਨ ਤੇ ਹੋਰ ਵਿਭਾਗਾ ਦੇ ਨਵੀਨੀਕਰਨ ਤੋਂ ਇਲਾਵਾ ਬਹੁਤ ਸਾਰੇ ਵਿਕਾਸ ਸ਼ਾਮਿਲ ਹੋਣਗੇ | ਇਸ ਮੌਕੇ ਜੀ. ਐਮ. ਰਾਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਲਈ 98 ਕਰੋੜ ਰੁਪਏ ਦਾ ਪ੍ਰਾਜੈਕਟ ਹੈ ਜਿਸ 'ਚ ਰੇਲਵੇ ਸਟੇਸ਼ਨ ਨੂੰ ਨਵੀਂ ਸੁੰਦਰ ਦਿਖ ਮਿਲੇਗੀ | ਰੇਲਵੇ ਸਟੇਸ਼ਨ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ | ਜਾਣਕਾਰੀ ਅਨੁਸਾਰ ਉੱਤਰੀ ਰੇਲਵੇ ਦੇ ਜੀ. ਐਮ. ਰਾਜੇਸ਼ ਕੁਮਾਰ ਪਾਂਡੇ ਪਹਿਲਾਂ ਅੰਮਿ੍ਤਸਰ ਰੇਲਵੇ ਸਟੇਸ਼ਨ ਪਹੁੰਚੇ, ਜਿਸ ਤੋਂ ਬਾਅਦ ਉਨ੍ਹਾਂ ਨੇ ਬਿਆਸ, ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਫਿਰ ਕੈਂਟ ਰਾਹੀਂ ਲੁਧਿਆਣਾ ਜਾਣਾ ਸੀ |