ਜਲੰਧਰ, 7 ਅਪ੍ਰੈਲ (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੇ ਸਹਿਯੋਗ ਨਾਲ ਆਈਵੀ ਵਰਲਡ ਸਕੂਲ ਵਲੋਂ ਸਾਈਬਰ ਸੇਫ਼ਟੀ ਬਾਰੇ ਇਕ ਜਾਗਰੂਕਤਾ ਸੈਸ਼ਨ ਕਰਵਾਇਆ, ਜੋ ਬਹੁਤ ਹੀ ਜਾਣਕਾਰੀ ਭਰਪੂਰ ਤੇ ਪ੍ਰਭਾਵਸ਼ਾਲੀ ਰਿਹਾ | ਇਸ 'ਚ ਵਿਦਿਆਰਥੀਆਂ, ਅਧਿਆਪਕਾਂ, ਡਰਾਈਵਰਾਂ ਤੇ ਨੈਨੀਆਂ ਨੂੰ ਆਨਲਾਈਨ ਸੁਰੱਖਿਆ ਤੇ ਜ਼ਿਮੇਵਾਰ ਡਿਜ਼ੀਟਲ ਵਰਤੋਂ ਬਾਰੇ ਸਿੱਖਿਆ ਦਿੱਤੀ ਗਈ | ਪ੍ਰਸਿੱਧ ਵਿਦਵਾਨ ਡਾ. ਰਕਸ਼ਿਤ ਟੰਡਨ ਨੇ ਮੁੱਖ ਵਕਤਾ ਵਜੋਂ ਸੰਬੋਧਨ ਕਰਦੇ ਹੋਏ ਡਿਜ਼ੀਟਲ ਯੁੱਗ ਦੀਆਂ ਚੁਨੌਤੀਆਂ ਨੂੰ ਸਮਝਣ ਅਤੇ ਸਚੇਤ ਰਹਿਣ ਦੀ ਅਹਿਮੀਅਤ ਉਜਾਗਰ ਕੀਤੀ | ਡਾ. ਟੰਡਨ ਨੇ ਦੱਸਿਆ ਕਿ ਨਵੀਆਂ ਤਕਨਾਲੋਜੀਆਂ ਜਿਵੇਂ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਗਲਤ ਇਸਤੇਮਾਲ ਕਿਵੇਂ ਹੋ ਸਕਦਾ ਹੈ ਜੇਕਰ ਸਾਵਧਾਨੀ ਨਾ ਵਰਤੀ ਜਾਵੇ | ਉਨ੍ਹਾਂ ਨੇ ਹੈਕਰਾਂ ਦੇ ਕੰਮ ਕਰਨ ਦੇ ਤਰੀਕਿਆਂ, ਆਨਲਾਈਨ ਨਿੱਜੀ ਜਾਣਕਾਰੀ ਸਾਂਝੀ ਕਰਨ ਦੇ ਖ਼ਤਰੇ ਤੇ ਕੁਕੀਜ਼ ਵਰਗੀਆਂ ਆਮ ਲੱਗਣ ਵਾਲੀਆਂ ਚੀਜ਼ਾਂ ਵਲੋਂ ਯੂਜ਼ਰ ਗਤੀਵਿਧੀ ਨੂੰ ਟਰੈਕ ਕਰਕੇ ਨਿੱਜੀ ਜਾਣਕਾਰੀ ਨੂੰ ਨੁਕਸਾਨ ਪਹੁੰਚਾਉਣ ਬਾਰੇ ਵੀ ਜਾਗਰੂਕ ਕੀਤਾ | ਸਰਲ ਭਾਸ਼ਾ ਤੇ ਵਾਸਤਵਿਕ ਉਦਾਹਰਨਾਂ ਦੇ ਜ਼ਰੀਏ ਉਨ੍ਹਾਂ ਨੇ ਦਰਸ਼ਕਾਂ ਨੂੰ ਦਿਖਾਇਆ ਕਿ ਕਿਵੇਂ ਸੁਚੇਤ ਰਹਿਣਾ, ਆਪਣਾ ਨਿੱਜੀ ਡਾਟਾ ਸੁਰੱਖਿਅਤ ਰੱਖਣਾ ਅਤੇ ਦਿਨਚਰੀ ਵਿਚ ਸੁਰੱਖਿਅਤ ਡਿਜ਼ਿਟਲ ਆਦਤਾਂ ਅਪਣਾਉਣੀਆਂ ਹਨ | ਇਹ ਸੈਸ਼ਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਵਿਦਿਆਰਥੀਆਂ ਤੋਂ ਲੈ ਕੇ ਸਟਾਫ਼ ਤੱਕ ਹਰ ਕੋਈ ਇਸ ਤੋਂ ਲਾਭ ਪ੍ਰਾਪਤ ਕਰ ਸਕੇ | ਸੈਸ਼ਨ ਦਾ ਅੰਤ ਇਕ ਪ੍ਰੇਰਣਾਦਾਇਕ ਤੇ ਜਾਗਰੂਕਤਾ ਭਰੇ ਸੰਦੇਸ਼ ਨਾਲ ਹੋਇਆ, ਜਿਸ ਨੇ ਹਰੇਕ ਨੂੰ ਡਿਜ਼ੀਟਲ ਚੁਨੌਤੀਆਂ ਨਾਲ ਨਜਿੱਠਣ ਲਈ ਹੋਰ ਸੁਚੇਤ ਅਤੇ ਤਿਆਰ ਬਣਾਇਆ | ਮੈਨੇਜਮੈਂਟ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀ. ਈ. ਓ. ਰਾਘਵ ਵਾਸਲ ਤੇ ਡਾਇਰੈਕਟਰ ਅਦਿਤੀ ਵਾਸਲ ਨੇ ਆਯੋਜਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |