ਜਮਸ਼ੇਰ ਖਾਸ/ਲਾਂਬੜਾ, 8 ਅਪ੍ਰੈਲ (ਹਰਵਿੰਦਰ ਕੁਮਾਰ/ਗੁਰਮੇਲ ਸਿੰਘ)-ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪੈ ਰਹੀ ਬੇਮੌਸਮੇ ਮੀਂਹ, ਗੜੇਮਾਰੀ ਤੇ ਹਨੇਰੀਆਂ ਝੱਖੜ ਕਾਰਨ ਕਈ ਥਾਵਾਂ 'ਤੇ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਸੋਨੇ ਰੰਗੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ | ਇਸ ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਗੜੇਮਾਰੀ ਕਾਰਨ ਕਣਕ ਦੀ ਪੱਕੀ ਫਸਲ ਤੇ ਸਰੋਂ ਦੀ ਫਸਲ ਧਰਤੀ 'ਤੇ ਵਿਛ ਗਈ ਹੈ, ਜਿਸ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ | ਇਹ ਬੇਮੌਸਮੇ ਮੀਂਹ ਹਨੇਰੀ ਕਾਰਨ ਕਿਸਾਨਾਂ ਦੇ ਨਾਲ ਆਮ ਜਨਤਾ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣੀ | ਅੱਜ ਰੁਕ-ਰੁਕ ਕੇ ਲਗਾਤਾਰ ਪੈ ਰਹੇ ਮੀਂਹ ਕਾਰਨ ਕਣਕ ਦੀ ਫਸਲ ਜ਼ਮੀਨ 'ਤੇ ਵਿਛਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਵੰਤ ਸਿੰਘ ਸੋਢੀ, ਜਗਤਾਰ ਸਿੰਘ ਉਧੋਪੁਰ, ਤਰਸੇਮ ਸਿੰਘ ਸ਼ੇਰਗਿੱਲ ਉਦੋਪੁਰ, ਅਮਰੀਕ ਸਿੰਘ ਦਿਵਾਲੀ, ਰਵਿੰਦਰ ਸਿੰਘ ਪਵਾਰ, ਸੁਖਦੇਵ ਰਾਮ, ਜਗਜੀਤ ਸਿੰਘ ਸਪਰਾ, ਸਤਨਾਮ ਸਿੰਘ, ਰਾਜਵੀਰ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਸਿੰਘ ਪ੍ਰਤਾਰਪਰਾ, ਬੱਬੂ ਮੀਰਪੁਰ, ਰਾਣਾ ਮੀਰਾ ਪੁਰ, ਜਗਤਾਰ ਸਿੰਘ, ਰਜਿੰਦਰ ਸਿੰਘ ਰਾਮਪੁਰ, ਅਜੈਬ ਸਿੰਘ ਲੱਲੀਆਂ ਨੇ ਕਿਹਾ ਕਿ ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਪੱਕੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ |