ਜਲੰਧਰ, 8 ਅਪ੍ਰੈਲ (ਜਸਪਾਲ ਸਿੰਘ)-ਪਿਛਲੇ ਕੁੱਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਗੜੇਮਾਰੀ ਕਾਰਨ ਕਿਸਾਨ ਚਿੰਤਾ 'ਚ ਡੁੱਬੇ ਹੋਏ ਹਨ ਤੇ ਖਾਸ ਕਰਕੇ ਹੁਣ ਜਦ ਕਣਕ ਦੀ ਫਸਲ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਹੈ ਤੇ ਕਈ ਥਾਵਾਂ 'ਤੇ ਵਾਢੀ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਤਾਂ ਅਚਨਾਕ ਮੌਸਮ ਦੀ ਬਦਲੀ ਕਰਵਟ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਬੀਤੀ ਰਾਤ ਪਏ ਮੀਂਹ ਨਾਲ ਕਈ ਥਾਵਾਂ 'ਤੇ ਕਣਕਾਂ ਡਿੱਗ ਗਈਆਂ ਹਨ ਤੇ ਛਿੱਟਿਆਂ ਨੂੰ ਵੀ ਨੁਕਸਾਨ ਪੁੱਜਾ ਹੈ | ਮਾਹਿਰਾਂ ਮੁਤਾਬਿਕ ਜੇਕਰ ਬਾਰਿਸ਼ ਕੁੱਝ ਦਿਨ ਹੋਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਡਿੱਗ ਚੁੱਕੀਆਂ ਕਣਕਾਂ ਦਾ ਦਾਣਾ ਕਾਲਾ ਪੈ ਸਕਦਾ ਹੈ ਤੇ ਝਾੜ ਵੀ ਘੱਟ ਸਕਦਾ ਹੈ | ਮੀਂਹ ਕਾਰਨ ਖੇਤਾਂ 'ਚ ਪਾਣੀ ਭਰ ਗਿਆ ਹੈ ਤੇ ਇਸ ਨਾਲ ਵਾਢੀ ਦਾ ਕੰਮ ਵੀ ਪੱਛੜ ਸਕਦਾ ਹੈ | ਇਸ ਦੌਰਾਨ ਗੱਲ ਕਰਦਿਆਂ ਕਿਸਾਨ ਆਗੂ ਸੁਖਬੀਰ ਸਿੰਘ ਕੁੱਕੜ ਪਿੰਡ, ਪਰਮਿੰਦਰ ਸਿੰਘ ਭਿੰਦਾ ਅਤੇ ਸਰਵਿੰਦਰ ਸਿੰਘ ਬਿੱਟਾ ਢੱਡਾ ਨੇ ਕਿਹਾ ਕਿ ਹਾਲ ਦੀ ਘੜੀ ਮੀਂਹ ਤੋਂ ਬਾਅਦ ਤੇਜ਼ ਹਵਾਵਾਂ ਨਾਲ ਚੱਲਣ ਕਰਕੇ ਕਣਕਾਂ ਦਾ ਕਾਫੀ ਹੱਦ ਤੱਕ ਬਚਾਅ ਰਿਹਾ ਹੈ ਪਰ ਕਈ ਥਾਵਾਂ 'ਤੇ ਭਾਰੀ ਅਤੇ ਕੱਚੀ ਫਸਲ ਜ਼ਮੀਨ 'ਤੇ ਵਿਛ ਗਈ ਹੈ ਤੇ ਡਿੱਗ ਚੁੱਕੀ ਫਸਲ ਦੇ ਨੁਕਸਾਨੇ ਜਾਣ ਦਾ ਡਰ ਉਨ੍ਹਾਂ ਨੂੰ ਸਤਾ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਡਿੱਗ ਚੁੱਕੀਆਂ ਫਸਲਾਂ ਦੀ ਕਟਾਈ ਸੰਬੰਧੀ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕੰਬਾਈਨਾਂ ਵਾਲੇ ਵੀ ਵਾਧੂ ਪੈਸੇ ਦੀ ਮੰਗ ਕਰਨਗੇ ਤੇ ਜੇਕਰ ਝਾੜ ਘਟਦਾ ਹੈ ਤੇ ਮਿਆਰ 'ਤੇ ਅਸਰ ਪੈਂਦਾ ਹੈ ਤਾਂ ਮੰਡੀਕਰਨ 'ਚ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ | ਓਧਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ 'ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਪਰ ਵਾਢੀ ਦਾ ਕੰਮ ਵਿਸਾਖੀ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਸਕੇਗਾ |