ਫਿਲੌਰ, 8 ਅਪ੍ਰੈਲ (ਵਿਪਨ ਗੈਰੀ)-ਸਬ ਡਵੀਜ਼ਨ ਫਿਲੌਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਉਣ ਵਿਚ ਸਫਲ ਚੱਲ ਰਹੇ ਡੀਐਸਪੀ ਫਿਲੌਰ ਸ਼੍ਰੀ ਭਰਤ ਮਸੀਹ ਦੇ ਪ੍ਰਭਾਵ ਅਤੇ ਉਨ੍ਹਾਂ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਕਈ ਨੌਜਵਾਨ ਲੜਕੇ ਅਤੇ ਔਰਤਾਂ ਨਸ਼ਾ ਤਸਕਰੀ ਵਰਗੇ ਗੋਰਖ ਧੰਦੇ ਨੂੰ ਛੱਡਣ ਲਈ ਅੱਗੇ ਆ ਰਹੇ ਹਨ |ਗੱਲਬਾਤ ਦੌਰਾਨ ਡੀਐਸਪੀ ਮਸੀਹ ਨੇ ਦਸਿਆ ਕੀ ਹੁਣ ਸਾਬਤ ਹੋ ਰਿਹਾ ਹੈ ਕੀ ਪੁਲਿਸ ਅਤੇ ਸਮਾਜ ਦੀ ਸਾਝੀ ਕੋਸ਼ਿਸ਼ ਸਦਕਾ ਨਸ਼ੇ ਖ਼ਿਲਾਫ਼ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਕਾਮਯਾਬੀ ਮਿਲ ਰਹੀ ਹੈ ਅਤੇ ਤਸਕਰ ਆਪਣੀ ਮਰਜ਼ੀ ਨਾਲ ਤੌਬਾ ਕਰ ਰਹੇ ਹਨ ਜੋ ਇੱਕ ਵੱਡਾ ਸਮਾਜਿਕ ਬਦਲਾਅ ਵੀ ਹੈ |ਡੀਐਸ਼ਪੀ ਨੇ ਅੱਗੇ ਦਾਅਵਾ ਕੀਤਾ ਕੀ 'ਯੁੱਧ ਨਸ਼ਿਆਂ ਵਿਰੁੱਧ' ਵਰਗੀਆਂ ਮੁਹਿੰਮਾਂ ਤਹਿਤ ਨਸ਼ੇ ਦੀ ਦਲਦਲ 'ਚ ਫਸੇ ਲੋਕ ਖ਼ੁਦ ਨਸ਼ਾ ਕਰਨ ਅਤੇ ਵੇਚਣ ਤੋਂ ਤੌਬਾ ਕਰਨਾ ਚੁੰਹਦੇ ਹਨ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਹੋ ਸਕੇ | ਜਿਸ ਲਈ ਪੁਲਿਸ ਉਨ੍ਹਾਂ ਦੀ ਸਹਾਇਤਾ ਵੀ ਕਰ ਰਹੀ ਹੈ |ਅੱਗੇ ਉਨ੍ਹਾਂ ਦਸਿਆ ਕੀ ਨਸ਼ਾ ਵੇਚਣਾ ਛੱਡਣ ਦੀ ਚੱਲ ਰਹੀ ਲੜੀ ਤਹਿਤ ਅੱਜ ਇੱਕ ਹੋਰ ਔਰਤ ਨੇ ਮੋਹਤਬਰਾਂ ਸਮੇਤ ਦਫ਼ਤਰ ਪੁੱਜ ਕੇ ਆਪਣਾ ਹਲਫ਼ੀਆ ਬਿਆਨ ਦਿੱਤਾ ਹੈ ਕਿ ਉਹ ਹੁਣ ਕਦੇ ਵੀ ਕੋਈ ਮਾੜਾ ਕਰਮ ਨਹੀ ਕਰੇਗੀ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਬਤੀਤ ਕਰੇਗੀ |ਇਸੇ ਦੌਰਾਨ ਉਨ੍ਹਾਂ ਕਿਹਾ ਕੀ ਸਬ ਡਵੀਜ਼ਨ ਅੰਦਰ ਵਾਰਦਾਤਾਂ ਨੂੰ ਨੱਥ ਪਾਉਣ ਵਿਚ ਉਨ੍ਹਾਂ ਦੀਆ ਬਣਾਈਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ |ਜਿਸ ਦੇ ਸਿੱਟੇ ਵਜੋਂ ਹਾਈਵੇ ਤੇ ਹੋਣ ਵਾਲੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਨੂੰ ਲਗਾਮ ਪਈ ਹੈ |