ਸ਼ਾਹਕੋਟ, 8 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)- ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਮਹਿਲਾ ਮੰਡਲ ਸ਼ਾਹਕੋਟ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸੁਖਜੀਤ ਕੌਰ ਸੁੱਖੀ ਤੇ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਮੰਡਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਸੁਖਜੀਤ ਕੌਰ ਸੁੱਖੀ ਨੇ ਪਿਛਲੇ ਸਮੇਂ ਦੌਰਾਨ ਮੰਡਲ ਵਲੋਂ ਕੀਤੇ ਗਏ ਸਮਾਜਿਕ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਦੱਸਿਆ ਕਿ ਮੰਡਲ ਨੇ ਇਲਾਕੇ ਦੀਆਂ ਲੋੜਵੰਦ ਲੜਕੀਆਂ ਦੀ ਮਦਦ, ਵਾਤਾਵਰਨ ਦੀ ਸੰਭਾਲ ਲਈ ਪੌਦੇ ਲਗਾਉਣ ਦੀ ਮੁਹਿੰਮ ਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਵਰਗੇ ਅਹਿਮ ਕੰਮ ਸਫ਼ਲਤਾ ਪੂਰਵਕ ਨੇਪਰੇ ਚਾੜ੍ਹੇ ਹਨ | ਉਨ੍ਹਾਂ ਕਿਹਾ ਕਿ ਮੈਂਬਰਾਂ ਦੇ ਆਪਸੀ ਸਹਿਯੋਗ ਸਦਕਾ ਹੀ ਮਹਿਲਾ ਮੰਡਲ ਸ਼ਾਹਕੋਟ ਇਲਾਕੇ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਸਕਿਆ ਹੈ | ਔਰਤਾਂ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਮਹਿਲਾ ਮੰਡਲ ਦਾ ਮੁੱਖ ਏਜੰਡਾ ਹੈ | ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੰਡਲ ਵਲੋਂ ਹੋਰ ਵੱਡੇ ਪੱਧਰ 'ਤੇ ਸਮਾਜ ਸੇਵਾ ਦੇ ਕੰਮ ਕੀਤੇ ਜਾਣਗੇ | ਅੱਜ ਦੇ ਦੌਰ ਵਿਚ ਔਰਤ ਦਾ ਆਤਮ-ਨਿਰਭਰ ਹੋਣਾ ਤੇ ਆਪਣੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੈ ਤੇ ਇਸ ਬਾਰੇ ਜਾਗਰੂਕਤਾ ਸੈਮੀਨਾਰ ਵੀ ਲਗਾਏ ਜਾਣਗੇ | ਇਸ ਮੌਕੇ ਕੁਲਵਿੰਦਰ ਕੌਰ ਸਾਗਰ, ਹਰਜੋਤ ਕੌਰ ਸਚਦੇਵਾ, ਮਨਜੀਤ ਕੌਰ, ਸਰੋਜ ਗੁਪਤਾ, ਪਵਨਦੀਪ ਕੌਰ, ਸੁਰਿੰਦਰ ਕੌਰ, ਪਿ੍ਅੰਕਾ ਪੁਰੀ, ਰੀਟਾ ਸੋਬਤੀ, ਪਿੰਕੀ ਅਰੋੜਾ ਆਦਿ ਹਾਜ਼ਰ ਸਨ |