ਜਲੰਧਰ, 9 ਅਪ੍ਰੈਲ (ਚੰਦੀਪ ਭੱਲਾ)-ਤਹਿਸੀਲ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ 'ਚ ਐੱਸ. ਸੀ. ਬੀ. ਸੀ. ਸਰਟੀਫਿਕੇਟ ਤੇ ਹੋਰ ਕੰਮਾਂ ਲਈ ਆਉਣ ਵਾਲੇ ਲੋਕਾਂ ਦੀਆਂ ਬਾਹਰ ਤੱਕ ਕਤਾਰਾਂ ਲੱਗ ਰਹੀਆਂ ਹਨ | ਚਰਚਾ ਹੈ ਕਿ ਇਹ ਕਤਾਰਾਂ ਥੋੜੇ ਦਿਨ ਤੋਂ ਲੱਗਣੀਆਂ ਸ਼ੁਰੂ ਹੋਈਆਂ ਹਨ ਜਦੋਂ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੇ ਖਾਤਿਆਂ ਖਾਸ ਕਰਕੇ ਐੱਸ. ਸੀ. ਮਹਿਲਾਵਾਂ ਦੇ ਖਾਤੇ 'ਚ 1500 ਰੁਪਏ ਪਾਏ ਜਾਣ ਦਾ ਐਲਾਨ ਕੀਤਾ ਸੀ | ਪਤਾ ਲੱਗਾ ਹੈ ਕਿ ਉਸੇ ਦਿਨ ਤੋਂ ਹੀ ਐੱਸ. ਸੀ. ਬੀ. ਸੀ. ਸਰਟੀਫਿਕੇਟ ਬਣਾਉਣ ਵਾਲਿਆਂ ਦੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਤੇ ਸਵੇਰੇ ਤੋਂ ਹੀ ਲੋਕ ਬਾਹਰ ਤੱਕ ਕਤਾਰ ਬਣਾ ਕੇ ਖੜ੍ਹੇ ਹੋ ਜਾਂਦੇ ਹਨ, ਜਿਸ ਕਰਕੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਵੀ ਦਿਨ ਭਰ ਸਿਰ ਚੁੱਕਣ ਦੀ ਵੇਲ ਨਹੀਂ ਮਿਲ ਰਹੀ ਹੈ | ਸੇਵਾ ਕੇਂਦਰ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਇਨ੍ਹਾਂ ਦਿਨਾਂ 'ਚ ਸਕੂਲਾਂ 'ਚ ਦਾਖ਼ਲੇ ਵੀ ਸ਼ੁਰੂ ਹੋ ਜਾਂਦੇ ਹਨ ਤੇ ਇਸ ਲਈ ਆਧਾਰ ਕਾਰਡ ਠੀਕ ਕਰਵਾਉਣ ਤੇ ਹੋਰ ਸਰਟੀਫਿਕੇਟ ਬਣਵਾਉਣ ਵਾਲੇ ਲੋਕਾਂ ਦੀ ਵੀ ਕਾਫ਼ੀ ਭੀੜ ਰਹਿੰਦੀ ਹੈ, ਜਿਸ ਕਰਕੇ ਹਰ ਰੋਜ਼ ਵੱਡੀ ਗਿਣਤੀ 'ਚ ਲੋਕ ਸੇਵਾ ਕੇਂਦਰ 'ਚ ਆ ਰਹੇ ਹਨ | ਜ਼ਿਕਰਯੋਗ ਹੈ ਕਿ ਸੇਵਾ ਕੇਂਦਰਾਂ 'ਚ ਹਰ ਰੋਜ਼ ਵੱਡੀ ਗਿਣਤੀ 'ਚ ਲੋਕ ਸਰਕਾਰੀ ਕੰਮਾਂ ਲਈ ਹੀ ਆਉਂਦੇ ਹਨ ਦੇ ਕਰਮਚਾਰੀ ਦੇਰ ਸ਼ਾਮ ਤੱਕ ਮਿਹਨਤ ਕਰਦੇ ਹਨ ਪਰ ਇਸ ਦੇ ਬਾਅਦ ਵੀ ਕਈ-ਕਈ ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਬਾਰੇ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੋਚਿਆ ਹੈ ਤੇ ਇਹ ਕਰਮਚਾਰੀ ਸਾਲਾਂ ਤੋਂ ਹੀ ਠੇਕੇ 'ਤੇ ਕੰਮ ਕਰ ਰਹੇ ਹਨ |