ਜਲੰਧਰ, 9 ਅਪ੍ਰੈਲ (ਸ਼ਿਵ)-ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਤਹਿਬਾਜ਼ਾਰੀ ਵਿਭਾਗ ਦੀ ਇਕ ਮੀਟਿੰਗ ਕਰਕੇ ਉਸ 'ਚ ਮੁੱਖ ਸੜਕਾਂ ਤੋਂ ਟ੍ਰੈਫਿਕ ਘਟਾਉਣ ਲਈ ਕਈ ਅਹਿਮ ਫ਼ੈਸਲੇ ਕੀਤੇ ਹਨ, ਜਿਨ੍ਹਾਂ 'ਚ ਹੁਣ ਮੁੱਖ ਸੜਕਾਂ ਤੋਂ ਰੇਹੜੀਆਂ ਹਟਾ ਦਿੱਤੀਆਂ ਜਾਣਗੀਆਂ | ਜਿਨ੍ਹਾਂ ਮੁੱਖ ਸੜਕਾਂ ਨੂੰ ਰੇਹੜੀ ਮੁਕਤ ਘੋਸ਼ਿਤ ਕੀਤਾ ਗਿਆ ਹੈ ਉਨ੍ਹਾਂ 'ਚ ਮਹਾਂਵੀਰ ਮਾਰਗ 'ਤੇ ਕੋਈ ਰੇਹੜੀ ਨਹੀਂ ਲੱਗੇਗੀ ਤੇ ਇਸ ਤੋਂ ਇਲਾਵਾ ਬੀ. ਐਮ. ਸੀ. (ਸੰਵਿਧਾਨ ਚੌਕ) ਤੋਂ ਲੈ ਕੇ ਨਾਮਦੇਵ ਚੌਕ ਤੇ ਨਾਮਦੇਵ ਚੌਕ ਤੋਂ ਲੈ ਕੇ ਸਕਾਈਲਾਰਕ ਚੌਕ ਤੱਕ ਵੀ ਕੋਈ ਰੇਹੜੀ ਨਹੀਂ ਲੱਗੇਗੀ | ਸਰਕਟ ਹਾਊਸ ਦੇ ਆਲੇ ਦੁਆਲੇ ਰੇਹੜੀਆਂ ਹਟਾਉਣ ਦਾ ਫ਼ੈਸਲਾ ਕੀਤਾ | ਇਸ ਤੋਂ ਇਲਾਵਾ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਰੇਹੜੀਆਂ ਤੋਂ ਆਮਦਨ ਨਾ ਵਧਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਆਮਦਨ ਵਧਾਉਣ ਲਈ ਸਾਰੀਆਂ ਰੇਹੜੀਆਂ 'ਤੇ ਨੰਬਰ ਪਲੇਟਾਂ ਲਗਾਉਣ ਬਾਰੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਜਿੰਨੀਆਂ ਰੇਹੜੀਆਂ 'ਤੇ ਅਜੇ ਤੱਕ ਕਿਊ ਆਰ ਨੰਬਰ ਪਲੇਟਾਂ ਨਹੀਂ ਲੱਗੀਆਂ ਹਨ ਤਾਂ ਹੁਣ ਇਹ ਕੰਮ ਨਿੱਜੀ ਕੰਪਨੀ ਕੋਲ ਕਰਵਾਇਆ ਜਾਵੇ ਤੇ ਇਸ ਲਈ ਜਲਦੀ ਹੀ ਟੈਂਡਰ ਲਗਾਉਣ ਦਾ ਫ਼ੈਸਲਾ ਕੀਤਾ | ਮੀਟਿੰਗ 'ਚ ਜਾਣਕਾਰੀ ਦਿੱਤੀ ਗਈ ਕਿ ਸਰਵੇਖਣ ਵਿਚ ਜਿਹੜੀਆਂ ਸ਼ਹਿਰ ਵਿਚ 12000 ਦੇ ਕਰੀਬ ਰੇਹੜੀਆਂ ਹੋਣ ਦੀ ਗੱਲ ਕਹੀ ਗਈ ਸੀ ਉਸ ਮੁਤਾਬਕ ਹੀ ਅਜੇ ਤੱਕ ਸ਼ਹਿਰ 'ਚ 4400 ਦੇ ਕਰੀਬ ਰੇਹੜੀਆਂ 'ਤੇ ਨਵੀਆਂ ਨੰਬਰ ਪਲੇਟਾਂ ਲੱਗੀਆਂ ਹਨ, ਜਿਨ੍ਹਾਂ ਦੀ ਸਾਰੀ ਬਣਦੀ ਫ਼ੀਸ ਰੇਹੜੀਆਂ ਤੋਂ ਵਸੂਲ ਕਰਕੇ ਨਿਗਮ 'ਚ ਜਮਾਂ ਕਰਵਾਈ ਜਾਵੇ | ਇਸ ਮੌਕੇ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਦਾ ਕਹਿਣਾ ਸੀ ਕਿ ਅਜੇ ਵੀ ਕਈ ਪਾਰਕਿੰਗਾਂ 'ਤੇ ਨਿੱਜੀ ਕੋਲ ਆਪਣੀ ਪਾਰਕਿੰਗ ਫ਼ੀਸ ਵਸੂਲੀ ਕਰ ਰਹੇ ਹਨ ਜਦਕਿ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਜਦ ਉਕਤ ਵਿਭਾਗ ਦੀ ਆਮਦਨ 'ਚ ਕੋਈ ਵਾਧਾ ਨਹੀਂ ਹੋਣਾ ਹੈ ਤਾਂ ਇਸ ਵਿਭਾਗ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਤਾਂ ਜੋ ਰੇਹੜੀਆਂ ਨੂੰ ਹੀ ਰਾਹਤ ਮਿਲ ਸਕੇ |