ਜਲੰਧਰ, 9 ਅਪ੍ਰੈਲ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਹੁਣ ਆਪਣੀ ਬਕਾਇਆ ਵਸੂਲੀ ਕਰਨ ਦੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਉਨ੍ਹਾਂ ਕਾਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵੱਲ ਵੀ ਕਰੋੜਾਂ ਰੁਪਏ ਦੀ ਬਕਾਇਆ ਫੀਸ ਵਸੂਲੀ ਪਈ ਹੈ ਪਰ ਲੰਬੇ ਸਮੇਂ ਤੋਂ ਇਸ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ | ਮੇਅਰ ਵਨੀਤ ਧੀਰ ਨੇ ਇਸ ਬਾਰੇ ਕੁਝ ਸਮਾਂ ਪਹਿਲਾਂ ਹੀ ਇਸ ਬਾਰੇ ਬਿਲਡਿੰਗ ਕਮੇਟੀ ਦੀ ਮੀਟਿੰਗ ਸੱਦੀ ਸੀ, ਜਿਸ 'ਚ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਤੋਂ ਇਸ ਬਾਰੇ ਜਾਣਕਾਰੀ ਤਲਬ ਕੀਤੀ ਸੀ, ਜਿਨ੍ਹਾਂ ਕਾਲੋਨੀਆਂ ਵਾਲਿਆਂ ਨੇ ਕਾਲੋਨੀਆਂ ਰੈਗੂਲਰ ਕਰਵਾਉਣ ਪੂਰੀਆਂ ਫੀਸਾਂ ਜਮਾਂ ਨਹੀਂ ਕਰਵਾਈਆਂ ਸਨ | ਦੱਸਿਆ ਜਾਂਦਾ ਹੈ ਕਿ ਨਿਗਮ ਵਲੋਂ ਕਈ ਕਾਲੋਨਾਈਜ਼ਰਾਂ ਨੂੰ ਇਸ ਬਾਰੇ ਹਦਾਇਤਾਂ ਵੀ ਦਿੱਤੀਆਂ ਗਈਆਂ ਸੀ ਕਿ ਉਹ ਆਪਣੀ ਬਣਦੀ ਰਕਮ ਜਮਾਂ ਕਰਵਾ ਦੇਣ ਪਰ ਇਸ ਦੇ ਬਾਵਜੂਦ ਇਹ ਰਕਮਾਂ ਜਮਾਂ ਨਹੀਂ ਹੋਈਆਂ ਸੀ | ਹੁਣ ਨਗਰ ਨਿਗਮ ਨੇ ਕਰੀਬ 110 ਇਸ ਤਰ੍ਹਾਂ ਦੀਆਂ ਕਾਲੋਨੀਆਂ ਲਈ ਪਬਲਿਕ ਨੋਟਿਸ ਵੀ ਜਾਰੀ ਕਰ ਦਿੱਤਾ ਹੈ, ਜਿਨ੍ਹਾਂ ਨੇ ਨਿਗਮ ਦੀ ਕਰੋੜਾਂ ਰੁਪਏ ਦੀ ਅਦਾਇਗੀ ਕਰਨੀ ਹੈ | ਨਿਗਮ ਵਲੋਂ ਪਹਿਲਾਂ ਵੀ ਕਈ ਬਾਰ ਕਾਲੋਨਾਈਜਰਾਂ ਵਲੋਂ ਬਣਦੀਆਂ ਰਕਮਾਂ ਜਮਾਂ ਨਾ ਕਰਨ 'ਤੇ ਕੇਸ ਦਰਜ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ | ਪੁੱਡਾ ਨੇ ਤਾਂ ਇਸ ਮਾਮਲੇ 'ਚ ਕੁਝ ਕਾਲੋਨਾਈਜ਼ਰਾਂ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਸੀ | ਦੱਸਿਆ ਜਾਂਦਾ ਹੈ ਕਿ ਨਿਗਮ ਨੇ ਇਸ ਤਰ੍ਹਾਂ ਦੀਆਂ ਹੋਰ ਕਾਲੋਨੀਆਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਵਲੋਂ ਅਜੇ ਤੱਕ ਪੂਰੀ ਬਣਦੀ ਫੀਸ ਜਮਾਂ ਨਹੀਂ ਕਰਵਾਈ ਗਈ ਹੈ ਜਦਕਿ ਕਈ ਕਾਲੋਨੀਆਂ ਵਿਚ ਤਾਂ ਪਲਾਟਾਂ ਵੇਚ ਕਈ ਕਈ ਲਾਂਭੇ ਹੋ ਗਏ ਹਨ ਪਰ ਨਿਗਮ ਦੀ ਫੀਸ ਜਮਾਂ ਨਹੀਂ ਕਰਵਾਈ ਜਾ ਰਹੀ ਹੈ | ਹੁਣ ਤੱਕ ਤਾਂ ਬਿਲਡਿੰਗ ਵਿਭਾਗ ਵਲੋਂ ਇਨਾਂ ਰਕਮਾਂ ਨੂੰ ਵਸੁੂਲਣ ਦੀ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਪਰ ਹੁਣ ਮੇਅਰ ਵਨੀਤ ਧੀਰ ਨੇ ਇਸ ਮਾਮਲੇ 'ਚ ਬਕਾਇਆ ਰਕਮਾਂ ਜਮਾਂ ਕਰਵਾਉਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ |