ਜਲੰਧਰ, 10 ਅਪ੍ਰੈਲ (ਸ਼ਿਵ)-ਮੇਅਰ ਵਨੀਤ ਧੀਰ ਸਮੇਤ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਬਾਨਾ ਨੇ ਅੱਜ ਸਵੇਰੇ ਨਿਗਮ ਦਫ਼ਤਰੀ ਸਟਾਫ਼ ਦੀ ਹਾਜ਼ਰੀ ਦੀ ਚੈਕਿੰਗ ਕੀਤੀ ਤੇ ਇਸ ਚੈਕਿੰਗ ਮੁਹਿੰਮ ਦੌਰਾਨ ਕਈ ਵਿਭਾਗਾਂ ਦੇ ਅਫ਼ਸਰ ਤੇ ਮੁਲਾਜ਼ਮ ਗੈਰ ਹਾਜ਼ਰ ਰਹੇ | ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅੱਜ ਸਟਾਫ਼ ਦੀ ਹਾਜ਼ਰੀ ਚੈੱਕ ਕਰਨ ਲਈ ਸਵੇਰੇ 9 ਵਜੇ ਦਫਤਰ ਪੁੱਜ ਗਏ ਸਨ ਪਰ ਜਦੋਂ ਉਨ੍ਹਾਂ ਨੇ ਹਾਜ਼ਰੀ ਚੈੱਕ ਕਰਨ ਕਰਨ ਲਈ ਕਈ ਵਿਭਾਗ 'ਚ ਜਾਣਾ ਸ਼ੁਰੂ ਕੀਤਾ ਤਾਂ ਉਹ ਹੈਰਾਨ ਰਹਿ ਗਏ ਕਿ ਸਵੇਰੇ ਸਾਢੇ 9 ਵਜੇ ਤੋਂ ਬਾਅਦ ਵੀ ਕਈ ਅਫ਼ਸਰ ਤੇ ਮੁਲਾਜ਼ਮ ਦਫਤਰ ਵਿਚ ਨਹੀਂ ਪੁੱਜੇ ਸਨ | ਮੇਅਰ ਦੇ ਨਾਲ ਉਨਾਂ ਦੇ ਪੀ. ਏ. ਵੀ ਸਨ ਤਾਂ ਅਲੱਗ-ਅਲੱਗ ਵਿਭਾਗਾਂ 'ਚ ਜਾ ਕੇ ਉਨਾਂ ਨੇ ਅਫ਼ਸਰਾਂ, ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕਰਨ ਤੋਂ ਇਲਾਵਾ ਹਾਜ਼ਰੀ ਰਜਿਸਟਰ ਵੀ ਦੇਖਿਆ | ਹਾਜ਼ਰੀ ਚੈੱਕ ਕਰਨ ਦਾ ਕੰਮ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਦਾ ਰਿਹਾ | ਮੇਅਰ ਤੇ ਹੋਰ ਅਹੁਦੇਦਾਰ ਬਿਲਡਿੰਗ ਵਿਭਾਗ ਵਿਚ ਵੀ ਗਏ ਜਿਥੇ ਕਿ 9 ਵਜੇ ਤੋਂ ਬਾਅਦ ਵੀ ਪੂਰਾ ਸਟਾਫ਼ ਨਹੀਂ ਆਇਆ ਸੀ | ਮੇਅਰ ਦੀ ਇਸ ਚੈਕਿੰਗ ਮੁਹਿੰਮ ਦੌਰਾਨ ਜਿੱਥੇ ਅਲੱਗ-ਅਲੱਗ ਵਿਭਾਗਾਂ ਦੇ ਅਫ਼ਸਰ, ਮੁਲਾਜ਼ਮ ਸਮੇਂ ਸਿਰ ਨਹੀਂ ਆਏ ਤੇ ਕਈਆਂ ਵਲੋਂ ਸਫ਼ਾਈ ਦਿੱਤੀ ਗਈ ਕਿ ਉਹ ਨਿਗਮ ਜ਼ੋਨਾਂ 'ਚ ਕੰਮ ਦੇਖਣ ਲਈ ਗਏ ਸੀ | ਇਸ ਮੌਕੇ ਮੁਹਿੰਮ ਦੌਰਾਨ ਨਿਗਮ ਕੰਪਲੈਕਸ ਦੇ ਸੇਵਾ ਕੇਂਦਰ ਵਿਚ ਸਰਟੀਫਿਕੇਟ ਬਣਾਉਣ ਵਾਲੀ ਥਾਂ 'ਤੇ ਕੰਮ ਕਰਨ ਵਾਲਾ ਸਾਰਾ ਸਟਾਫ਼ ਮੌਜੂਦ ਮਿਲਿਆ | ਸਿਹਤ ਅਫ਼ਸਰ ਡਾ. ਸੁਮਿਤਾ ਅਬਰੋਲ ਵੀ ਆਪਣੇ ਸਟਾਫ਼ ਸਮੇਤ ਮੌਜੂਦ ਸਨ | ਸਵੇਰੇ ਸਮੇਂ ਸਿਰ ਨਾ ਆਉਣ ਤੋਂ ਮੇਅਰ ਵਨੀਤ ਧੀਰ ਕਾਫੀ ਨਾਰਾਜ਼ ਸੀ ਤੇ ਉਨ੍ਹਾਂ ਵਲੋਂ ਪਹਿਲਾਂ ਗੈਰ ਹਾਜ਼ਰ ਰਹਿਣ ਵਾਲੇ ਅਫ਼ਸਰਾਂ, ਮੁਲਾਜ਼ਮਾਂ ਨੂੰ ਨੋਟਿਸ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਬਾਅਦ 'ਚ ਮੇਅਰ ਨੇ ਗੈਰ ਹਾਜ਼ਰ ਰਹਿਣ ਵਾਲੇ ਅਫ਼ਸਰਾਂ, ਮੁਲਾਜ਼ਮਾਂ ਨੂੰ ਅੱਗੇ ਤੋਂ ਸਵੇਰੇ 9 ਵਜੇ ਦਫਤਰ ਵਿਚ ਆਉਣ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਨਾਲ ਸਮੇਂ-ਸਮੇਂ ਸਿਰ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਜਾਵੇਗੀ ਤੇ ਜੇਕਰ ਕੋਈ ਗੈਰ ਹਾਜ਼ਰ ਪਾਇਆ ਗਿਆ ਤਾਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ |