ਫਿਲੌਰ, 10 ਅਪ੍ਰੈਲ (ਸਤਿੰਦਰ ਸ਼ਰਮਾ)-ਪੰਜਾਬ ਸੀਵਰੇਜ ਬੋਰਡ ਉਪ ਮੰਡਲ ਫਿਲੌਰ ਦੇ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਥੇ ਰੋਸ ਧਰਨਾ ਦਿੱਤਾ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 10-15 ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਤੋਂ ਉਨ੍ਹਾਂ ਦੀਆਂ ਨੌਕਰੀਆਂ ਲਈ ਨਿਸ਼ਚਿਤ ਸਮੇਂ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਠੇਕੇਦਾਰ ਵਲੋਂ ਸਮੇਂ ਸਿਰ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ ਹੈ ਤੇ ਨਾ ਹੀ ਉਨ੍ਹਾਂ ਦੇ ਖਾਤੇ 'ਚ ਪਾਈ ਜਾਂਦੀ ਹੈ ਤੇ ਨਾ ਹੀ ਈ. ਪੀ. ਐਫ. ਫੰਡ ਹਰ ਮਹੀਨੇ ਉਨ੍ਹਾਂ ਦੇ ਖਾਤੇ 'ਚ ਜਮ੍ਹਾ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਪਿਛਲਾ ਬਕਾਇਆ ਵੀ ਜੇ. ਈ. ਦੁਆਰਾ ਨਹੀ ਦਿੱਤਾ ਜਾ ਰਿਹਾ ਅਤੇ ਨਾ ਹੀ ਉਨਾਂ ਵਲੋਂ ਸਮੇਂ ਸਿਰ ਬਿੱਲ ਬਣਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਸਮੇਂ ਤੋਂ ਵੱਧ ਕੰਮ ਲੈਣ ਤੋਂ ਬਾਅਦ ਵੀ ਉਨ੍ਹਾਂ ਦੀ ਛੁੱਟੀ ਦੇ ਪੈਸੇ ਕੱਟੇ ਜਾਂਦੇ ਹਨ | ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਖ਼ਾਤੇ 'ਚ ਤਨਖ਼ਾਹ ਪਾਈ ਜਾਵੇ ਤੇ ਉਨ੍ਹਾਂ ਨੂੰ ਡੀ. ਸੀ. ਰੇਟ ਅਦਾ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ | ਇਸ ਮੌਕੇ ਅਜੈ ਕੁਮਾਰ, ਅਮਿਤ ਕੁਮਾਰ, ਹਰਮੇਸ਼ ਕੁਮਾਰ, ਵਿਸ਼ਾਲ ਕੁਮਾਰ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਪਵਨ ਕੁਮਾਰ, ਮੋਹਨ ਲਾਲ ਤੇ ਹੋਰ ਹਾਜ਼ਰ ਸਨ |