ਜਲੰਧਰ, 12 ਅਪ੍ਰੈਲ (ਐੱਮ. ਐੱਸ. ਲੋਹੀਆ)-ਸ਼੍ਰੋਮਣੀ ਰਾਗੀ ਭਾਈ ਅਵਤਾਰ ਸਿੰਘ ਦਿੱਲੀ ਵਾਲਿਆਂ ਦੇ 100ਵੇਂ ਜਨਮ ਦਿਨ 'ਤੇ ਮਾਤਾ ਸੁੰਦਰੀ ਕਾਲਜ ਫ਼ਾਰ ਵਿਮਿਨ ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ | ਇਹ ਸੈਮੀਨਾਰ ਨਾਦ ਮਿਊਜ਼ਿਕ ਇੰਸਟੀਚਿਊਟ ਯੂ. ਐੱਸ. ਏ, ਡੀ. ਐੱਸ. ਜੀ. ਪੀ. ਸੀ. ਤੇ ਮਾਤਾ ਸੁੰਦਰੀ ਕਾਲਜ ਫ਼ਾਰ ਵਿਮਿਨ ਦੇ ਸੰਗੀਤ ਵਿਭਾਗ ਵਲੋਂ ਸਾਂਝੇ ਤੌਰ 'ਤੇ ਕਰਵਾਇਆ | ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਭਾਈ ਅਵਤਾਰ ਸਿੰਘ ਦੇ ਸਪੁੱਤਰ ਭਾਈ ਕੁਲਤਾਰ ਸਿੰਘ ਨੇ ਆਪਣੇ ਪਿਤਾ ਤੇ ਤਾਇਆ ਗੁਰਚਰਨ ਸਿੰਘ ਰਾਗੀ ਵਲੋਂ ਗੁਰਮਤਿ ਸੰਗੀਤ 'ਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ | ਉਹ ਖ਼ੁਦ ਆਪਣੇ ਪਿਤਾ ਤੇ ਤਾਇਆ ਦੀਆਂ ਰੀਤਾਂ ਵਿਚ ਸ਼ਬਦਾਂ ਦਾ ਗਾਇਨ ਕਰਦੇ ਹਨ | ਭਾਈ ਅਵਤਾਰ ਸਿੰਘ ਦੇ ਸਾਥੀ ਭਾਈ ਸਵਰਨ ਸਿੰਘ ਜੋ ਅਜੇ ਵੀ ਤਬਲੇ 'ਤੇ ਸਾਥ ਦਿੰਦੇ ਹਨ, ਨੇ ਭਾਈ ਸਾਹਿਬ ਦੀਆਂ ਪੰਥਕ ਸੇਵਾਵਾਂ ਦਾ ਜ਼ਿਕਰ ਕੀਤਾ | ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਭਾਈ ਕੁਲਤਾਰ ਸਿੰਘ ਤੇ ਭਾਈ ਸਵਰਨ ਸਿੰਘ ਤੋਂ ਇਲਾਵਾ ਬੁਲਾਰਿਆਂ 'ਚ ਕਾਲਜ ਦੀ ਪਿ੍ੰਸੀਪਲ ਡਾ. ਹਰਪ੍ਰੀਤ ਕੌਰ, ਭਾਈ ਸਾਹਿਬ ਦੀ ਧੀ ਬੀਬੀ ਜਸਵਿੰਦਰ ਕੌਰ ਆਸਟ੍ਰੇਲੀਆ, ਡਾ. ਮਨਜੀਤ ਸਿੰਘ ਨਾਦ ਮਿਊਜ਼ਿਕ ਯੂ. ਐੱਸ. ਏ., ਡਾ. ਜਸਪਾਲ ਸਿੰਘ ਵਾਈਸ ਚਾਂਸਲਰ, ਸਾਬਕਾ ਐੱਮ. ਪੀ. ਤਰਲੋਚਨ ਸਿੰਘ, ਦਿੱਲੀ ਕਮੇਟੀ ਦੇ ਜਨਰਲ ਸੈਕਟਰੀ ਜਗਦੀਪ ਸਿੰਘ ਕਾਹਲੋਂ, ਜਸਪ੍ਰੀਤ ਸਿੰਘ ਕਰਮਸਰ ਮੁਖੀ ਧਰਮ ਪ੍ਰਚਾਰ ਕਮੇਟੀ, ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਡਾ. ਰਵੇਲ ਸਿੰਘ ਸਨ | ਸੈਮੀਨਾਰ ਦੇ ਦੂਜੇ ਸੈਸ਼ਨ ਦੌਰਾਨ ਪ੍ਰਸਿੱਧ ਸਿੱਖ ਵਿਦਵਾਨ ਤੇ ਉੱਘੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਭਾਈ ਅਵਤਾਰ ਸਿੰਘ ਰਾਗੀ ਦੀ ਅਮੀਰ ਗੁਰਮਤਿ ਵਿਰਾਸਤ 'ਤੇ ਵਿਸ਼ੇਸ਼ ਭਾਸ਼ਣ ਦਿੱਤਾ | ਇਸ ਤੋਂ ਇਲਾਵਾ ਨਾਦ ਫਾਊਾਡੇਸ਼ਨ ਦੇ ਸੰਸਥਾਪਕ ਭਾਈ ਬਲਦੀਪ ਸਿੰਘ, ਪ੍ਰੋ. ਹਰਭਜਨ ਸਿੰਘ ਤੇ ਸੰਗੀਤ ਵਿਭਾਗ ਦੀ ਮੁਖੀ ਡਾ. ਗੁਰਸ਼ਰਨ ਕੌਰ ਨੇ ਵੀ ਭਾਈ ਅਵਤਾਰ ਸਿੰਘ ਸਬੰਧੀ ਵਿਚਾਰ ਸਾਂਝੇ ਕੀਤੇ | ਸੈਮੀਨਾਰ ਦੌਰਾਨ ਦੇਸ਼-ਵਿਦੇਸ਼ ਤੋਂ ਗੁਰਮਤਿ ਸੰਗੀਤ ਨਾਲ ਪ੍ਰੇਮ ਕਰਨ ਵਾਲੇ ਪਤਵੰਤੇ ਸੱਜਣ ਵੀ ਹਾਜ਼ਰ ਸਨ |