ਫਿਲੌਰ, 16 ਅਪ੍ਰੈਲ (ਸਤਿੰਦਰ ਸ਼ਰਮਾ)-ਸਥਾਨਕ ਮੁੱਖ ਮਾਰਗ 'ਤੇ ਰੇਲਵੇ ਫਲਾਈ ਓਵਰ ਨੇੜੇ ਇਕ ਮੋਟਰਸਾਈਕਲ ਨੂੰ ਕਥਿਤ ਤੌਰ 'ਤੇ ਬੱਸ ਵਲੋਂ ਫੇਟ ਵੱਜ ਜਾਣ ਕਾਰਨ 2 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਏ. ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫਿਲੌਰ ਦੇ ਰੇਲਵੇ ਫਲਾਈ ਓਵਰ 'ਤੇ ਸੜਕ ਹਾਦਸੇ ਦੌਰਾਨ 2 ਵਿਅਕਤੀ ਜ਼ਖ਼ਮੀ ਹੋਏ ਹਨ | ਜਦੋਂ ਉਹ ਮੌਕੇ 'ਤੇ ਆਪਣੀ ਟੀਮ ਨਾਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ 2 ਵਿਅਕਤੀ ਜ਼ਖ਼ਮੀ ਪਏ ਹੋਏ ਸਨ | ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਮੋਟਰਸਾਈਕਲ ਨੂੰ ਇਕ ਬੱਸ ਵਲੋਂ ਫੇਟ ਮਾਰਨ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ, ਜਿਸ ਕਰਕੇ ਉਹ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ | ਮੌਕੇ 'ਤੇ ਏ. ਐਸ. ਆਈ. ਧਰਮਿੰਦਰ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ |