ਅੱਪਰਾ, 18 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ)-ਅੱਪਰਾ ਪੁਲਿਸ ਨੇ ਤਿੰਨ ਦਰਜਨ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਕਾਬੁ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ, ਪਰ ਇਕ ਨੌਜਵਾਨ ਹਨੇਰੇ ਲਾਭ ਉਠਾ ਕੇ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ | ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਔਲਖ ਇੰਚਾਰਜ ਪੁਲਿਸ ਚੌਕੀ ਅੱਪਰਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਵਿਰਕ ਐਸ. ਐਸ. ਪੀ. ਜਲੰਧਰ, ਡੀ. ਐਸ. ਪੀ. ਫਿਲੌਰ ਭਰਤ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਸਮਾਜਿਕ ਕਾਰਵਾਈਆਂ ਕਰਨ ਵਾਲੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿਮ ਤਹਿਤ ਕਾਰਵਾਈ ਕਰਦਿਆਂ ਮਿਲੀ ਸੂਚਨਾ ਦੇ ਅਧਾਰ 'ਤੇ ਉਨ੍ਹਾਂ ਵਲੋਂ ਪੁਲਿਸ ਪਾਰਟੀ ਸਮੇਤ ਆਬਕਾਰੀ ਵਿਭਾਗ ਦੇ ਸਹਿਯੋਗ ਨਾਲ ਖਾਨਪੁਰ ਨਹਿਰ 'ਤੇ ਕੀਤੀ ਨਾਕਾਬੰਦੀ ਕੀਤੀ ਗਈ ਸੀ | ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 12 ਬੋਤਲਾਂ 999 ਮਾਰਕਾ ਤੇ 24 ਬੋਤਲਾਂ 91 ਮਾਰਕਾ (ਚੰਡੀਗੜ੍ਹ ਮੇਡ) ਕੁੱਲ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਮਨਜੀਤ ਸਿੰਘ ਬਿੰਦਰ ਤੇ ਜਗਦੀਪ ਕੁਮਾਰ ਜੌਲੀ ਵਾਸੀਆਨ ਪਿੰਡ ਪਾਲਕਦੀਮ ਥਾਣਾ ਫਿਲੌਰ ਵਜੋਂ ਹੋਈ ਹੈ | ਮਨਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਪਰ ਜੌਲੀ ਭੱਜਣ 'ਚ ਕਾਮਯਾਬ ਹੋ ਗਿਆ |