ਗੁਰਾਇਆ, 18 ਅਪ੍ਰੈਲ (ਬਲਵਿੰਦਰ ਸਿੰਘ)-ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ 'ਚ ਹਾਕੀ ਖਿਡਾਰੀਆਂ ਨੂੰ ਕਿਤਾਬਾਂ ਤੇ ਕਿੱਟਾਂ ਮੁਫ਼ਤ ਵੰਡੀਆਂ ਗਈਆਂ | ਇਸ ਦੀ ਜਾਣਕਾਰੀ ਦਿੰਦੇ ਸਕੂਲ ਐਮ.ਡੀ ਸੁਖਦੀਪ ਸਿੰਘ ਨੇ ਦੱਸਿਆ ਕਿ ਸਕੂਲ ਬੱਚਿਆਂ ਨੂੰ ਖੇਡਾਂ ਦੀ ਸਿੱਖਿਆ ਮੁਫ਼ਤ ਦੇ ਰਿਹਾ ਹੈ ਇਸ ਦੇ ਨਾਲ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਵੀ ਦੇ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਏਕਨੂਰ ਹਾਕੀ ਅਕੈਡਮੀ ਤੇਹਿੰਗ ਦੇ ਸਹਿਯੋਗ ਨਾਲ ਕੋਚ ਗੁਰਜੀਤ ਸਿੰਘ ਦੀ ਅਗਵਾਈ 'ਚ ਬੱਚੇ ਹਾਕੀ ਦੀ ਟਰੇਨਿੰਗ ਲੈ ਰਹੇ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਦਾ ਖਿਡਾਰੀ ਅਰਸ਼ਦੀਪ ਸਿੰਘ ਜੋ ਕਿ ਰਾਉਂਡ ਗਲਾਸ ਅਕੈਡਮੀ ਮੋਹਾਲੀ ਵੱਲੋਂ ਖੇਡ ਰਿਹਾ ਹੈ ਉਸ ਨੂੰ ਸਬ ਜੂਨੀਅਰ ਹਾਕੀ ਇੰਡੀਆ ਲਈ ਚੁਣਿਆ ਗਿਆ ਹੈ ਜੋ ਇਲਾਕੇ , ਅਕੈਡਮੀ ਅਤੇ ਸਕੂਲ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਅੱਗੇ ਦੱਸਿਆ ਕਿ ਅਰਸ਼ਦੀਪ 19 ਤਰੀਕ ਤੋਂ ਭੋਪਾਲ 'ਚ ਇੰਡੀਆ ਸਬ ਜੂਨੀਅਰ ਹਾਕੀ ਟੀਮ ਦੀ ਟਰੇਨਿੰਗ ਲਵੇਗਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਐਨ, ਆਰ.ਆਈ ਬੂਟਾ ਸਿੰਘ ਅਤੇ ਤੀਰਥ ਸਿੰਘ ਜੌਹਲ ਜੋ ਕਿ ਖਿਡਾਰੀਆਂ ਦੀ ਆਰਥਿਕ ਮਦਦ ਵੀ ਕਰਦੇ ਹਨ ਉਨ੍ਹਾਂ ਦੇ ਸਹਿਯੋਗ ਨਾਲ ਸਕੂਲ ਦੇ ਦੋ ਖਿਡਾਰੀ ਨਿਖਿਲ ਮਹਿੰਮੀ ਅਤੇ ਸੋਹਿਤ ਸਿੰਘ ਰਾਉਂਡ ਗਲਾਸ ਅਕੈਡਮੀ ਮੋਹਾਲੀ ਲਈ ਚੁਣੇ ਗਏ ਹਨ | ਇਸ ਤੋਂ ਇਲਾਵਾ ਸਕੂਲ ਪਿਛਲੇ ਚਾਰ ਸਾਲ ਤੋਂ ਅੰਡਰ 14 ਅੰਡਰ 17 ਲੜਕੇ ਅਤੇ ਲੜਕੀਆਂ ਦੇ ਰੱਸਾ ਕੱਸੀ ਮੁਕਾਬਲਿਆਂ ਚ ਲਗਾਤਾਰ ਜ਼ਿਲ੍ਹਾ ਚੈਂਪੀਅਨ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਰਵਿੰਦਰਜੀਤ ਕੌਰ ਸੰਦੀਪ ਕੌਰ ਅਤੇ ਹੋਰ ਹਾਜ਼ਰ ਸਨ |