ਕੂੜਾ ਪ੍ਰਬੰਧਨ ਦੇ ਕੰਮ 'ਚ ਤੇਜ਼ੀ ਨਾ ਆਈ ਤਾਂ ਸਵੱਛਤਾ ਸਰਵੇਖਣ ਵਿਚ ਪਛੜ ਸਕਦੈ ਜਲੰਧਰ
ਅਜੀਤ ਡੈਸਕ
20-04-2026
ਜਲੰਧਰ, 19 ਅਪ੍ਰੈਲ (ਸ਼ਿਵ)-ਕੇਂਦਰ ਸਰਕਾਰ ਵਲੋਂ ਹਰ ਸਾਲ ਸ਼ਹਿਰਾਂ ਦੀ ਸਫ਼ਾਈ ਸਮੇਤ ਹੋਰ ਕੰਮਾਂ ਨੂੰ ਲੈ ਕੇ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ ਪਰ 2026 ਦੇ ਹੋਣ ਵਾਲੇ ਸਵੱਛਤਾ ਸਰਵੇਖਣ 'ਚ ਜਲੰਧਰ ਦੇ ਪਛੜਨ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਸ਼ਹਿਰ 'ਚ ਕੂੜੇ ਦੀ ਸਮੱਸਿਆ ਖ਼ਤਮ ਕਰਨ ਤੇ ਕੂੜੇ ਦੇ ਡੰਪਾਂ ਨੂੰ ਖ਼ਤਮ ਕਰਨ ਲਈ ਚਾਹੇ ਪ੍ਰਾਜੈਕਟ ਚਲਾਏ ਜਾ ਰਹੇ ਹਨ ਪਰ ਇਨ੍ਹਾਂ ਦੀ ਧੀਮੀ ਗਤੀ ਨੂੰ ਚੱਲਦੇ ਹੋਏ ਕੰਮ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਵੱਛਤਾ ਸਰਵੇਖਣ ਵਿਚ ਜਲੰਧਰ ਨੂੰ ਝਟਕਾ ਲੱਗ ਸਕਦਾ ਹੈ | ਪਿਛਲੇ ਸਾਲ ਤਾਂ ਜਲੰਧਰ ਨੇ ਆਪਣੀ ਦਰਜਾਬੰਦੀ ਵਿਚ ਕਾਫ਼ੀ ਸੁਧਾਰ ਕਰਕੇ 82ਵੇਂ ਨੰਬਰ 'ਤੇ ਆ ਗਿਆ ਸੀ ਤਾਂ ਇਹ ਇਸ ਕਰਕੇ ਦਰਜਾਬੰਦੀ ਮਿਲੀ ਸੀ ਕਿਉਂਕਿ ਨਗਰ ਨਿਗਮ ਵਲੋਂ ਕਈ ਕਾਲੋਨੀਆਂ 'ਚ ਬਿਹਤਰ ਸਫ਼ਾਈ ਵਿਵਸਥਾ ਤੋਂ ਇਲਾਵਾ ਕਈ ਸੀਵਰੇਜ ਟਰੀਟਮੈਂਟ ਪਲਾਂਟ 'ਚ ਕਾਫ਼ੀ ਸੁਧਾਰ ਕੀਤਾ ਸੀ, ਜਿਸ ਕਰਕੇ ਨਿਗਮ ਦੀ ਦਰਜਾਬੰਦੀ ਵਿਚ ਸੁਧਾਰ ਹੋਇਆ ਸੀ | ਜਲੰਧਰ 'ਚ ਰੋਜ਼ਾਨਾ 500 ਟਨ ਤੋਂ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ | ਇਸ ਕੂੜੇ ਨੂੰ ਅਲੱਗ-ਅਲੱਗ ਥਾਵਾਂ 'ਤੇ ਉਸ ਦਾ ਚੰਗੀ ਤਰ੍ਹਾਂ ਨਾਲ ਪ੍ਰਬੰਧਨ ਕਰਕੇ ਉਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਪਰ ਸ਼ਹਿਰ ਵਿਚ ਜਿੰਨਾ ਕੂੜਾ ਨਿਕਲਦਾ ਹੈ, ਉਸ ਵਿਚ ਕਾਫ਼ੀ ਕੂੜਾ ਵਰਿਆਣਾ ਡੰਪ 'ਤੇ ਜਾ ਰਿਹਾ ਹੈ ਜਦਕਿ ਪਹਿਲਾ ਹੀ ਡੰਪ 'ਤੇ ਪਏ 15 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਅਜੇ ਲੰਬਾ ਸਮਾਂ ਲੱਗ ਰਿਹਾ ਹੈ | ਪੁਰਾਣਾ ਕੂੜਾ ਕਰੀਬ ਖ਼ਤਮ ਹੀ ਹੋ ਚੁੱਕਾ ਹੈ | 36 ਕਰੋੜ ਦੀ ਲਾਗਤ ਨਾਲ ਜਿਹੜੀ ਕੰਪਨੀ ਬਾਈਓਮਾਈਨਿੰਗ ਦਾ ਕੰਮ ਕਰ ਰਹੀ ਹੈ, ਉਸ ਵਲੋਂ ਵੀ ਕੂੜੇ ਤੋਂ ਜਿਹੜੀਆਂ ਚੀਜ਼ਾਂ ਕੱਢੀਆਂ ਜਾ ਰਹੀਆਂ ਹਨ | ਉਹ ਕਰੀਬ ਖ਼ਤਮ ਹੀ ਹੋ ਚੁੱਕੀਆਂ ਹਨ | ਨਗਰ ਨਿਗਮ ਵਲੋਂ 36 ਕਰੋੜ ਤੋਂ ਇਲਾਵਾ 42ਕਰੋੜ ਦਾ ਇਕ ਹੋਰ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ ਕਰਵਾਇਆ ਜਾਣਾ ਹੈ | ਜਿਸ ਦੇ ਤਹਿਤ ਵਰਿਆਣਾ ਡੰਪ 'ਤੇ ਪਏ 11 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕੀਤਾ ਜਾਣਾ ਹੈ |ਉਂਜ ਕਈ ਮਾਹਿਰਾਂ ਵਲੋਂ ਇਹ ਸਲਾਹ ਦਿੱਤੀਆਂ ਜਾ ਚੁੱਕੀਆਂ ਹਨ ਕਿ ਜਿੰਨੀ ਦੇਰ ਤੱਕ ਸ਼ਹਿਰ ਵਿਚੋਂ ਗਿੱਲਾ-ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਨਹੀਂ ਦਿੱਤਾ ਜਾਂਦਾ ਤਾਂ ਉਨ੍ਹੀਂ ਦੇਰ ਤੱਕ ਇਹ ਸਮੱਸਿਆ ਹੱਲ ਨਹੀਂ ਹੋਵੇਗੀ | ਘਰਾਂ ਤੋਂ ਸੁੱਕਾ ਤੇ ਗਿੱਲਾ ਕੂੜਾ ਅਲੱਗ-ਅਲੱਗ ਦੇਣਾ ਯਕੀਨੀ ਬਣਾਉਣਾ ਹੋਵੇਗਾ | ਜੇਕਰ ਪਹਿਲਾਂ ਹੀ ਸੁੱਕਾ ਕੂੜਾ ਅਲੱਗ ਕਰ ਲਿਆ ਜਾਵੇ ਤਾਂ ਗਿੱਲੇ ਕੂੜੇ ਦੀ ਖਾਦ ਬਣਾਈ ਜਾ ਸਕਦੀ ਹੈ | ਨਿਗਮ ਨੇ ਲੱਖਾਂ ਰੁਪਏ ਲਗਾ ਕੇ ਇਸ ਯੋਜਨਾ ਨੂੰ ਲਾਗੂ ਕੀਤਾ ਸੀ ਪਰ ਇਹ ਸਫਲ ਨਹੀਂ ਹੋ ਸਕੀ ਸੀ ਕਿਉਂਕਿ ਕਈ ਘਰਾਂ ਤੋਂ ਜੇਕਰ ਸੁੱਕਾ-ਗਿੱਲਾ ਕੂੜਾ ਅਲੱਗ-ਅਲੱਗ ਲਿਆ ਜਾਂਦਾ ਹੈ ਪਰ ਬਾਅਦ 'ਚ ਉਹ ਇਕੋ ਹੀ ਡੰਪ 'ਤੇ ਇਕੱਠਾ ਸੁੱਟ ਦਿੱਤਾ ਜਾਂਦਾ ਹੈ | ਇਸ ਵੇਲੇ ਸ਼ਹਿਰ 'ਚ ਕੂੜਾ ਪ੍ਰਬੰਧਨ ਦੇ ਕੰਮ ਵਿਚ ਨਿਗਮ ਨੂੰ ਹਰ ਸਾਲ ਕਰੋੜਾਂ ਖ਼ਰਚ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਇਹ ਸਮੱਸਿਆ ਹੱਲ ਨਹੀਂ ਹੋ ਰਹੀ ਹੈ |